ਪੰਜਾਬੀ ਨੂੰ ਸੂਬੇ ਦੇ ਸਕੂਲਾਂ ਵਿਚ ਲਾਜਮੀ ਵਿਸ਼ੇ ਵਜੋਂ ਸਖਤੀ ਨਾਲ ਲਾਗੂ ਕਰਨਾ ਚੰਨੀ ਸਰਕਾਰ ਦਾ ਸ਼ਲਾਘਾਯੋਗ  ਫੈਸਲਾ – ਰਾਣੀ ਸੋਢੀ * ਕਾਂਗਰਸ ਨੇ ਹਮੇਸ਼ਾ ਕੀਤਾ ਮਾਂ ਬੋਲੀ ਦਾ ਸਤਿਕਾਰ


ਫਗਵਾੜਾ 9 ਨਵੰਬਰ

ਜਿਲ੍ਹਾ ਕਪੂਰਥਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੇ ਪੰਜਾਬ ਦੇ ਸਾਰੇ ਸਕੂਲਾਂ ਵਿਚ ਚਰਨਜੀਤ ਸਿੰਘ ਚੰਨੀ ਸਰਕਾਰ ਵਲੋਂ ਪਹਿਲੀ ਤੋਂ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜਮੀ ਵਿਸ਼ੇ ਵਜੋਂਂਸਖ਼ਤੀ ਨਾਲ ਲਾਗੂ ਕਰਨ ਦੇ ਫੈਸਲੇ ਨੂੰ ਸ਼ਲਾਘਾਯੋਗ ਉਪਰਾਲਾ ਦਸਦਿਆਂ ਕਿਹਾ ਕਿ ਮਾਂ ਬੋਲੀ ਨੂੰ ਚੰਨੀ ਸਰਕਾਰ ਨੇ ਜੋ ਸਤਿਕਾਰ ਦਿੱਤਾ ਹੈ ਉਸ ਲਈ ਸਮੂਹ ਪੰਜਾਬੀ ਉਹਨਾਂ ਦੇ ਧੰਨਵਾਦੀ ਹਨ। ਸ੍ਰੀਮਤੀ ਸੋਢੀ ਨੇ ਦੱਸਿਆ ਕਿ ਚੰਨੀ ਸਰਕਾਰ ਨੇ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜ ਐਕਟ, 2008 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੋਧ ਤੋਂਂ ਬਾਅਦ ਉਕਤ ਐਕਟ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਨੂੰ ਜੁਰਮਾਨੇ ਦੀ ਰਕਮ ਜੋ ਪਹਿਲਾਂ 25,000 ਰੁਪਏ, 50,000 ਰੁਪਏ ਅਤੇ 1 ਲੱਖ ਰੁਪਏ ਸੀ, ਨੂੰ ਵਧਾ ਕੇ ਕ੍ਰਮਵਾਰ 50,000 ਰੁਪਏ, 1 ਲੱਖ ਰੁਪਏ ਅਤੇ 2 ਲੱਖ ਰੁਪਏ ਕਰ ਦਿੱਤਾ ਹੈ। ਚੰਨੀ ਮੰਤਰੀ ਮੰਡਲ ਨੇ ਇਸ ਬਿੱਲ ਨੂੰ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਪੇਸ਼ ਕਰਨ ਦੀ ਹਰੀ ਝੰਡੀ ਵੀ ਦੇ ਦਿੱਤੀ ਹੈ। ਕੋਈ ਵੀ ਸਕੂਲ, ਜੋ ਪਹਿਲੀ ਵਾਰ ਇਸ ਐਕਟ ਜਾਂ ਇਸ ਤਹਿਤ ਬਣਾਏ ਗਏ ਨਿਯਮਾਂ ਦੇ ਉਪਬੰਧਾਂ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ 50,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਚੰਨੀ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬੀ ਦਾ ਪ੍ਰਸਾਰ ਵਧੇਗਾ ਕਿਉਂਕਿ ਦੂਸਰੇ ਰਾਜਾਂ ਦੇ ਵੀ ਜੋ ਵਿਦਿਆਰਥੀ ਪੰਜਾਬ ਦੇ ਸਕੂਲਾਂ ਵਿਚ ਸਿੱਖਿਆ ਪ੍ਰਾਪਤ ਕਰਨਗੇ ਉਹਨਾਂ ਲਈ ਪੰਜਾਬੀ ਲਾਜਮੀ ਵਿਸ਼ਾ ਹੋ ਜਾਵੇਗਾ। ਯਕੀਨੀ ਤੌਰ ਤੇ ਇਸ ਨਾਲ ਪੰਜਾਬੀ ਨੂੰ ਪੜ੍ਹਨ, ਬੋਲਣ ਤੇ ਸਮਝਣ ਵਾਲਿਆਂ ਦੀ ਤਾਦਾਦ ਵਧੇਗੀ ਜੋ ਸਮੂਹ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ।