ਮੁੱਖ ਮੰਤਰੀ ਚੰਨੀ ਵੱਲੋਂ ਅੱਜ ਪੈਟਰੋਲ-ਡੀਜ਼ਲ ‘ਤੇ ਵੈਟ ਦਰਾਂ ਵਿੱਚ ਕਟੌਤੀ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਰਕਾਰ ਦਾ ਮੁੱਖ ਏਜੰਡਾ ਡਰੱਗ ਤੇ ਬੇਅਦਬੀ ਮਾਮਲਾ ਹੱਲ ਕਰਨ ਦਾ ਸੀ ਪਰ ਉਹ ਇਸ ‘ਤੇ ਸਿਆਸਤ ਕਰਨ ਤੋਂ ਬਾਜ਼ ਨਹੀਂ ਆ ਰਹੀ।
ਸੁਖਬੀਰ ਬਾਦਲ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਸਰਕਾਰ ਬਦਲਣ ਤੋਂ ਬਾਅਦ ਪੰਜ ਮੈਂਬਰੀ ਐਸਆਈਟੀ ਟੀਮ ਬਣਾਈ ਗਈ ਸੀ, ਜਿਸ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਨ, ਪਰ ਇਸ ਦਾ ਇੱਕੋ-ਇੱਕ ਨਿਸ਼ਾਨਾ ਸੀ ਬਾਦਲ ਪਰਿਵਾਰ। ਬੇਅਦਬੀ ਦਾ ਕੋਈ ਹੱਲ ਨਹੀਂ ਕੀਤਾ ਗਿਆ ਤੇ ਸਿਰਫ ਪਾਲਿਟਿਕਸ ਖੇਡੀ ਗਈ।
ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚੰਨੀ ਵਾਲੀ ਨਵੀਂ ਸਰਕਾਰ ਆਈ ਤਾਂ ਉਹ ਵੀ ਪੁਰਾਣੀ ਸਰਕਾਰ ਵਾਂਗ ਇੱਕੋ ਮਿਸ਼ਨ ‘ਤੇ ਲੱਗੀ ਹੋਈ ਹੈ ਕਿ ਦੋਸ਼ੀ ਨਹੀਂ ਫੜਨੇ ਪਰ ਸਿਆਸਤ ਕਰਨੀ ਹੈ।
ਹਾਈਕੋਰਟ ਨੇ ਐਸਆਈਟੀ ਨੂੰ ਸੁਤੰਤਰ ਤੌਰ ‘ਤੇ ਕੰਮ ਕਰਨ ਲਈ ਕਿਹਾ ਹੈ ਪਰ ਡਿਪਟੀ ਸੀਐਮ ਲਗਭਗ ਰੋਜ਼ਾਨਾ ਐਸਆਈਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਦੇ ਹਨ। ਨਵੇਂ ਐਸਆਈਟੀ ਦੇ ਮੈਂਬਰ ਬਦਲ ਦਿੱਤੇ ਗਏ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡੀਜੀਪੀ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਭਾਵੇਂ ਇਸ ਮਾਮਲੇ ਵਿੱਚ ਝੂਠੇ ਗਵਾਹ ਖੜ੍ਹੇ ਕਰੋ, ਤਾਂ ਜੋ ਲੋਕਾਂ ਨੂੰ ਕਹਿ ਦਿੱਤਾ ਜਾਵੇ ਕਿ ਮੁੱਦਾ ਹੱਲ ਹੋ ਗਿਆ।
ਸਾਢੇ ਚਾਰ ਸਾਲਾਂ ਵਿੱਚ ਡਰੱਗਸ ਤੇ ਬੇਅਦਬੀ ਦੋਵੇਂ ਮੁੱਦਿਆਂ ਤੇ ਕੱਲੀ ਸਿਆਸਤ ਕੀਤੀ ਗਈ। ਨਾ ਦੋਸ਼ੀ ਫੜਨ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਝੋਨੇ ਦੀ ਫਸਲ ਖਰਾਬ ਹੋ ਗਈ, ਡੀਏਪੀ ਵਾਸਤੇ ਲਾਈਨਾਂ ਲੱਗੀਆਂ ਪਈਆਂ ਹਨ, ਜਿਸ ਨੂੰ ਲੈ ਕੇ ਅਸੀਂ ਭਲਕੇ ਮੁਜ਼ਾਹਰਾ ਵੀ ਕਰਾਂਗੇ, ਪਰ ਸਰਕਾਰ ਕੁਝ ਨਹੀਂ ਕਰ ਰਹੀ।