ਪੰਜਾਬ ਦੀ ਸਿਆਸਤ ਵਿੱਚ ਹਲਚਲ ਲਗਾਤਾਰ ਜਾਰੀ ਹੈ। ਆਮ ਆਦਮੀ ਤੋਂ ਵੱਖ ਹੋ ਚੁੱਕੇ ਆਗੂ ਸੁੱਚਾ ਸਿੰਘ ਛੋਟੇਪੁਰ ਮੁੜ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।
ਦੱਸ ਦੇਈਏ ਕਿ ਛੋਟੇਪੁਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਅਜਿਹੀਆਂ ਚਰਚਾਵਾਂ ਹਨ ਕਿ ਛੋਟੇਪੁਰ ਲਗਾਤਾਰ ਪਾਰਟੀ ਹਾਈ ਕਮਾਨ ਦੇ ਸੰਪਰਕ ਵਿੱਚ ਹਨ।
ਛੋਟੇਪੁਰ ਮਾਝੇ ਦੇ ਸੀਨੀਅਰ ਆਗੂ ਹਨ ਤੇ ਪਾਰਟੀ ਮਾਝੇ ਵਿੱਚ ਆਪਣੀ ਪਕੜ ਮਜ਼ਬੂਤ ਬਣਾਉਣ ਲਈ ਛੋਟੇਪੁਰ ਨੂੰ ਮੜ ਸ਼ਾਮਲ ਕਰਨ ਦੇ ਯਤਨ ਕਰ ਰਹੀ ਹੈ। ਜੇਕਰ ਛੋਟੇਪੁਰ ਪਾਰਟੀ ਦਾ ਪੱਲਾ ਮੁੜ ਫੜਦੇ ਹਨ ਤਾਂ ਪਾਰਟੀ ਨੂੰ ਵੱਡੀ ਮ਼ਜ਼ਬੂਤੀ ਮਿਲੇਗੀ, ਜੋਕਿ ਉਨ੍ਹਾਂ ਦੇ ਆਪਣੇ ਜੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਸਿਆਸੀ ਸਮੀਕਰਨ ਵੀ ਬਦਲਣ ਵਿੱਚ ਵੱਡੀ ਭੂਮਿਕਾ ਨਿਭਾਏਗੀ।
ਸੁੱਚਾ ਸਿੰਘ ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਕਨਵੀਨਰ ਰਹਿ ਚੁੱਕੇ ਹਨ। ਉਹ ‘ਆਪ’ ਦੇ ਪੂਰੀ ਤਰ੍ਹਾਂ ਸਰਗਰਮ ਆਗੂ ਰਹਿ ਚੁੱਕੇ ਹਨ। 2014 ਦੀਆਂ ਲੋਕ ਸਭਾ ਚੋਣਾਂ ’ਚ ਵੀ ਉਨ੍ਹਾਂ ਵਲੋਂ ਪਾਰਟੀ ਲਈ ਕਾਫੀ ਮਿਹਨਤ ਕੀਤੀ ਗਈ ਸੀ, ਜਿਸ ਦਾ ਫਾਇਦਾ ਵੀ ‘ਆਪ’ ਨੂੰ ਮਿਲਿਆ ਸੀ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ’ਚ ਰਹਿੰਦੇ ਸਮੇਂ ਛੋਟੇਪੁਰ ਕਾਫੀ ਵਿਵਾਦਾਂ ਵਿਚ ਰਹੇ ਸਨ।
ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਨੂੰ ਆਮ ਆਦਮੀ ਪਾਰਟੀ ਨੇ ਕੱਢ ਦਿੱਤਾ ਸੀ। ਹੁਣ ਫਿਰ ਉਨ੍ਹਾਂ ‘ਤੇ ਡੋਰੇ ਪਾਏ ਜਾਣ ਦੀਆਂ ਖਬਰਾਂ ਹਨ ਕਿਉਂਕਿ ਵਿਧਾਨ ਸਭਾ ਚੋਣਾਂ ਲਈ ਆਪ ਕੋਲ ਭਗਵੰਤ ਮਾਨ ਤੋਂ ਇਲਾਵਾ ਕੋਈ ਹੋਰ ਵੱਡਾ ਚਿਹਰਾ ਨਹੀਂ ਹੈ, ਜਿਸ ਨੂੰ ਮੂਹਰੇ ਰੱਖ ਕੇ ਚੋਣਾਂ ਲੜ ਸਕੇ। ਹੁਣ ਇਹ ਦੇਖਣਾ ਹੋਵੇਗਾ ਕਿ ਛੋਟੇਪੁਰ ਵਾਪਸੀ ਕਰਦੇ ਹਨ ਜਾਂ ਨਹੀਂ।