ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਵੱਡੇ ਤੋਹਫੇ ਦਿੱਤੇ ਗਏ। ਪੰਜਾਬ ਸਰਕਾਰ ਵੱਲੋਂ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰ ਦਿੱਤੀ ਗਈ ਹੈ ਤੇ ਨਾਲ ਹੀ ਮੁਲਾਜ਼ਮਾਂ ਲਈ ਡੀ. ਏ. ਵਿਚ 11 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਚੰਨੀ ਦੇ ਇਸ ਦੀਵਾਲੀ ਤੋਹਫੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ‘ਤੇ ਫਿਰ ਤੋਂ ਹਮਲਾ ਬੋਲਿਆ ਹੈ। ਉਨ੍ਹਾਂ ਚੰਨੀ ਦੇ ਇਸ ਫੈਸਲੇ ਨੂੰ ਡਰਾਮਾ ਦੱਸਿਆ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਸਮੇਂ ਤੋਹਫਿਆਂ ਦੀ ਨਹੀਂ ਸਗੋਂ ਰੋਡਮੈਪ ਦੀ ਲੋੜ ਹੈ। ਇਹ ਗੱਲ ਸਿੱਧੂ ਨੇ ਚੰਡੀਗੜ੍ਹ ਵਿਚ ਸੰਯੁਕਤ ਹਿੰਦੂ ਮਹਾਸਭਾ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਹੀ। ਸਿੱਧੂ ਨੇ ਕਿਹਾ ਕਿ ਪੌਣੇ 5 ਸਾਲ ਮੌਜ ਕਰਕੇ ਆਖਰੀ 2 ਮਹੀਨੇ ਵਿਚ ਸਰਕਾਰ ਲੋਕਾਂ ਨੂੰ ਲੌਲੀਪਾਪ ਵੰਡ ਰਹੀ ਹੈ। ਸਿੱਧੂ ਨੇ ਕਿਹਾ ਕਿ ਸਿਰਫ ਦੀਵਾਲੀ ਗਿਫਟ ਤੇ ਵਾਅਦਿਆਂ ਨਾਲ ਨਹੀਂ ਸਰਨਾ। ਉਨ੍ਹਾਂ ਚੰਨੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਫੋਕੀਆਂ ਫੜ੍ਹਾਂ ਨਾ ਮਾਰੋ ਸਗੋਂ ਰੋਡ ਮੈਪ ਤਿਆਰ ਕਰੋ ।
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਦੇ ਐਲਾਨਾਂ ਨੂੰ ਲੋਕ ਲੁਭਾਊ ਦੱਸਿਆ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਸਿਰਫ ਦੀਵਾਲੀ ਗਿਫਟ ਤੇ ਵਾਅਦਿਆਂ ਨਾਲ ਨਹੀਂ ਸਰਨਾ। ਪਿਛਲੇ ਸਾਢੇ ਚਾਰ ਸਾਲਾਂ ਵਿਚ ਸਰਕਾਰ ਨੇ ਲੋਕਾਂ ਦੇ ਹਿੱਤ ਵਿਚ ਕੋਈ ਫੈਸਲਾ ਨਹੀਂ ਲਿਆ ਤੇ ਹੁਣ ਜਦੋਂ ਕਿ ਚੋਣਾਂ ਸਿਰ ‘ਤੇ ਹਨ ਤਾਂ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਸਰਕਾਰ ਵੱਲੋਂ ਬਿਜਲੀ ਸਸਤੀ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ।