ਫਗਵਾੜਾ 20 ਅਕਤੂਬਰ
ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੇ ਅਗਲੇ ਸਾਲ 2022 ਵਿਚ ਪੰਜਾਬ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿਧਾਨਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਕਾਂਗਰਸ ਪਾਰਟੀ ਦੀ ਕਮਾਨ ਸੰਭਾਲ ਰਹੀ ਪਿ੍ਰਅੰਕਾ ਗਾਂਧੀ ਵਢੇਰਾ ਵਲੋਂ ਯੂ.ਪੀ. ਇਲੈਕਸ਼ਨ ‘ਚ ਔਰਤਾਂ ਲਈ ਚਾਲੀ ਫੀਸਦੀ ਸੀਟਾਂ ਦੇ ਰਾਖਵੇਂਕਰਣ ਸਬੰਧੀ ਕੀਤੇ ਐਲਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਐਲਾਨ ਯੂ.ਪੀ. ਵਿਚ ਔਰਤਾਂ ਨੂੰ ਅੱਗੇ ਵਧਣ ਦਾ ਬਿਹਤਰੀਨ ਮੌਕਾ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਪਿ੍ਰਅੰਕਾ ਦੇ ਪਿਤਾ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਵਿਚਾਰ ਸੀ ਕਿ ਗਿਣਤੀ ਵਿਚ ਔਰਤਾਂ ਦੀ ਭਾਗੀਦਾਰੀ ਪੰਜਾਹ ਫੀਸਦੀ ਹੋਣ ਕਰਕੇ ਸਮਾਜ ਤੇ ਦੇਸ਼ ਦੇ ਵਿਕਾਸ ‘ਚ ਵੀ ਉਹਨਾਂ ਦੀ ਹਿੱਸੇਦਾਰੀ ਬਰਾਬਰ ਹੋਣੀ ਚਾਹੀਦੀ ਹੈ। ਰਾਜੀਵ ਗਾਂਧੀ ਦੇ ਇਸੇ ਵਿਚਾਰ ਨੂੰ ਕਾਂਗਰਸ ਪਾਰਟੀ ਨੇ ਪ੍ਰੇਰਣਾ ਵਜੋਂ ਲਿਆ ਤੇ ਔਰਤਾਂ ਨੂੰ ਸਿਆਸਤ ਵਿਚ ਅੱਗੇ ਲਿਆਉਣ ਦਾ ਹਮੇਸ਼ਾ ਹਰ ਸੰਭਵ ਉਪਰਾਲਾ ਕੀਤਾ ਹੈ। ਸ੍ਰੀਮਤੀ ਸੋਢੀ ਨੇ ਕਿਹਾ ਕਿ ਯੂ.ਪੀ. ਤੋਂ ਪਹਿਲਾਂ ਪੰਜਾਬ ‘ਚ ਵੀ ਕਾਂਗਰਸ ਦੀ ਮੋਜੂਦਾ ਸਰਕਾਰ ਨੇ ਕਾਰਪੋਰੇਸ਼ਨ ਅਤੇ ਪੰਚਾਇਤੀ ਚੋਣਾਂ ‘ਚ ਔਰਤਾਂ ਨੂੰ ਬਰਾਬਰੀ ਦਾ ਹਿੱਸਾ ਪ੍ਰਦਾਨ ਕੀਤਾ ਸੀ। ਉਹਨਾਂ ਕਿਹਾ ਕਿ ਕਾਂਗਰਸ ਹੀ ਅਜਿਹੀ ਸਿਆਸੀ ਧਿਰ ਹੈ ਜੋ ਸਿਰਫ ਮਹਿਲਾ ਸਸ਼ਕਤੀਕਰਣ ਦੀ ਗੱਲ ਹੀ ਨਹੀਂ ਕਰਦੀ ਬਲਿਕ ਔਰਤਾਂ ਨੂੰ ਹਰ ਖੇਤਰ ਵਿਚ ਬਰਾਬਰ ਭਾਗੀਦਾਰੀ ਦੇਣ ਦਾ ਜਮੀਨੀ ਤੌਰ ਤੇ ਹਰ ਸੰਭਵ ਉਪਰਾਲਾ ਵੀ ਕਰਦੀ ਹੈ।