You are currently viewing ਰਣਜੀਤ ਸਿੰਘ ਕਤਲ ਕੇਸ ‘ਚ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਏਗੀ ਸਜ਼ਾ

ਰਣਜੀਤ ਸਿੰਘ ਕਤਲ ਕੇਸ ‘ਚ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਏਗੀ ਸਜ਼ਾ

ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ 19 ਸਾਲਾਂ ਬਾਅਦ, ਅੱਜ ਇਸ ਮਾਮਲੇ ਵਿੱਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਜਾ ਸੁਣਾਉਣੀ ਸੀ, ਪਰ ਹੁਣ ਇਸ ਨੂੰ 18 ਤਾਰੀਖ ਤੱਕ ਟਾਲ ਦਿੱਤਾ ਗਿਆ ਹੈ।ਬਚਾਅ ਪੱਖ ਨੇ ਦਲੀਲ ਦਿੱਤੀ ਹੈ ਕਿ ਸਜ਼ਾ ਤੇ ਉਨ੍ਹਾਂ ਦੀ ਬਹਿਸ ਅਜੇ ਪੂਰੀ ਨਹੀਂ ਹੋਈ ਹੈ।ਇਸ ਲਈ ਅਦਾਲਤ ਨੇ ਹੁਣ 18 ਅਕਤੂਬਰ ਦੀ ਤਾਰੀਖ ਤੈਅ ਕੀਤੀ ਹੈ।

ਉਧਰ ਅੱਜ ਦੀ ਸੁਣਵਾਈ ਨੂੰ ਲੈ ਕੇ ਸਿਰਸਾ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸਿਰਸਾ ਡੇਰਾ ਸੱਚਾ ਸੌਦਾ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ‘ਤੇ ਪੁਲਿਸ ਅਤੇ ਨੀਮ ਫੌਜੀ ਕਰਮਚਾਰੀਆਂ ਵੱਲੋਂ ਭਾਰੀ ਸੁਰੱਖਿਆ ਕੀਤੀ ਗਈ ਹੈ।

ਰਣਜੀਤ ਸਿੰਘ ਕਤਲ ਕੇਸ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਮੇਤ ਕੁੱਲ 6 ਦੋਸ਼ੀ ਸਨ, ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਡੇਰਾ ਪ੍ਰਬੰਧਕ ਇੰਦਰਸੈਨ ਦੀ ਮੌਤ ਹੋ ਚੁੱਕੀ ਹੈ। ਜਦਕਿ ਬਾਕੀ ਪੰਜ ਦੋਸ਼ੀਆਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਕ੍ਰਿਸ਼ਨ ਲਾਲ, ਅਵਤਾਰ, ਜਸਵੀਰ ਅਤੇ ਸਬਦੀਲ ਨੂੰ 8 ਅਕਤੂਬਰ 2021 ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਜਿਸ ‘ਤੇ ਅੱਜ ਸੁਣਵਾਈ ਦੌਰਾਨ ਸਜ਼ਾ ਦਾ ਐਲਾਨ ਕਰਨਾ ਸੀ।

ਰਣਜੀਤ ਦੇ ਕਤਲ ਦੇ 19 ਸਾਲਾਂ ਬਾਅਦ, ਰਣਜੀਤ ਸਿੰਘ ਦੇ ਪਰਿਵਾਰ ਲਈ ਨਿਆਂ ਦੀ ਉਮੀਦ ਹੈ। ਹਾਲਾਂਕਿ, ਇਸ ਸਮੇਂ ਦੌਰਾਨ, ਰਣਜੀਤ ਸਿੰਘ ਦੇ ਪਰਿਵਾਰ ਨੇ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਤੋਂ ਕੇਸ ਨੂੰ ਦੂਜੀ ਅਦਾਲਤ ਵਿੱਚ ਤਬਦੀਲ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਪਰ ਹਾਈਕੋਰਟ ਨੇ ਰਣਜੀਤ ਸਿੰਘ ਦੇ ਪਰਿਵਾਰ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ।