ਫਗਵਾੜਾ 8 ਅਕਤੂਬਰ
ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪੰਜਾਬ ਵਿਚ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਤੇ ਲੋਕ ਭਲਾਈ ਸਕੀਮਾਂ ਬਾਰੇ ਜਨਤਾ ਨੂੰ ਦੱਸਿਆ। ਉਹਨਾਂ ਦੇ ਨਾਲ ਜਿਲ੍ਹਾ ਕੋਆਰਡੀਨੇਟਰ ਦਲਜੀਤ ਰਾਜੂ ਪ੍ਰਧਾਨ ਬਲਾਕ ਫਗਵਾੜਾ ਦਿਹਾਤੀ ਕਾਂਗਰਸ ਤੇ ਇੰਡੀਅਨ ਯੂਥ ਕਾਂਗਰਸ ਜਿਲ੍ਹਾ ਕਪੂਰਥਲਾ ਦੇ ਕਾਰਜਕਾਰੀ ਪ੍ਰਧਾਨ ਹਰਜੀ ਮਾਨ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਜੋਗਿੰਦਰ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਲੋਕਾਂ ਨਾਲ ਜੋ ਵਾਅਦੇ ਪੂਰੇ ਕੀਤੇ ਸੀ ਉਹਨਾਂ ਵਿਚੋਂ 90 ਫੀਸਦੀ ਤੋਂ ਵੱਧ ਪੂਰੇ ਹੋ ਚੁੱਕੇ ਹਨ ਬਲਕਿ ਜੋ ਵਾਅਦੇ ਨਹੀਂ ਕੀਤੇ ਸੀ ਉਹ ਕੰਮ ਵੀ ਕੀਤੇ ਜਾ ਰਹੇ ਹਨ।
ਜਿਹਨਾਂ ‘ਚ ਦੋ ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਦੇ ਬਿਜਲੀ ਦੇ ਬਕਾਇਆ ਬਿਲ ਮਾਫ ਕਰਨਾ ਸਭ ਤੋਂ ਅਹਿਮ ਹੈ। ਕਿਉਂਕਿ ਜਿਹਨਾਂ ਦੇ ਬਿਜਲੀ ਕਨੈਕਸ਼ਨ ਪਾਵਰਕਾਮ ਵਲੋਂ ਬਕਾਇਆ ਬਿਲ ਦੀ ਅਦਾਇਗੀ ਨਾ ਹੋਣ ਕਰਕੇ ਕੱਟੇ ਜਾ ਚੁੱਕੇ ਹਨ ਉਹਨਾਂ ਦੇ ਕੁਨੈਕਸ਼ਨ ਦੁਬਾਰਾ ਜੋੜਨ ਦੇ ਹੁਕਮ ਜਾਰੀ ਹੋ ਚੁੱਕੇ ਹਨ ਅਤੇ ਦੁਬਾਰਾ ਕੁਨੈਕਸ਼ਨ ਦੀ ਪੰਦਰਾਂ ਸੌ ਰੁਪਏ ਫੀਸ ਦੀ ਅਦਾਇਗੀ ਵੀ ਸੂਬਾ ਸਰਕਾਰ ਵਲੋਂ ਕੀਤੇ ਜਾਣ ਦਾ ਮੁੱਖ ਮੰਤਰੀ ਨੇ ਵੱਡਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਔਰਤਾਂ ਲਈ ਬੱਸ ਵਿਚ ਫਰੀ ਸਫਰ ਦੀ ਸਹੂਲਤ ਅਤੇ ਪੈਨਸ਼ਨ ਰਾਸ਼ੀ ਵਧਾ ਕੇ ਪੰਦਰਾਂ ਸੌ ਰੁਪਏ ਕਰਨਾ, ਲਾਲ ਲਕੀਰ ਵਾਲੀਆਂ ਜਮੀਨਾਂ ਦੀ ਕਬਜਾ ਧਾਰੀਆਂ ਨੂੰ ਮਾਲਕੀ ਦੇਣਾ, ਗਰੀਬਾਂ ਨੂੰ ਪੰਜ-ਪੰਜ ਮਰਲੇ ਪਲਾਟ ਆਦਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸੂਬੇ ਵਿਚ ਕਾਂਗਰਸ ਸਰਕਾਰ ਦੀ ਲੋਕ ਭਲਾਈ ਸੋਚ ਦੇ ਪ੍ਰਤੱਖ ਪ੍ਰਮਾਣ ਹਨ। ਇਸ ਦੌਰਾਨ ਪਿੰਡਾਂ ਦੇ ਵਸਨੀਕਾਂ ਨੇ ਆਪਣੀਆਂ ਵਿਕਾਸ ਸਬੰਧੀ ਕੁੱਝ ਸਮੱਸਿਆਵਾਂ ਵੀ ਸ੍ਰ. ਮਾਨ ਨੂੰ ਦੱਸੀਆਂ ਜਿਹਨਾਂ ਦਾ ਜਲਦੀ ਹਲ ਕਰਵਾਉਣ ਦਾ ਸਾਬਕਾ ਮੰਤਰੀ ਨੇ ਭਰੋਸਾ ਦਿੱਤਾ। ਇਸ ਮੌਕੇ ਵਰੁਣ ਬੰਗੜ ਚੱਕ ਹਕੀਮ, ਨਵੀਨ ਬੰਗੜ, ਮਨਜੋਤ ਸਿੰਘ ਭਗਤਪੁਰਾ ਤੋਂ ਇਲਾਵਾ ਪਿੰਡਾਂ ਦੇ ਪਤਵੰਤੇ ਵੀ ਵੱਡੀ ਗਿਣਤੀ ਵਿਚ ਹਾਜਰ ਸਨ