You are currently viewing ਪਸ਼ੂਆਂ ਦੇ ਵਾੜੇ ‘ਚ ਛਾਪਾ, ਇੱਕ ਕੁਇੰਟਲ 13 ਕਿੱਲੋ ਚੂਰਾ ਪੋਸਤ, ਅਫ਼ੀਮ ਸਮੇਤ ਦੋ ਕਾਬੂ, ਦੋ ਫ਼ਰਾਰ

ਪਸ਼ੂਆਂ ਦੇ ਵਾੜੇ ‘ਚ ਛਾਪਾ, ਇੱਕ ਕੁਇੰਟਲ 13 ਕਿੱਲੋ ਚੂਰਾ ਪੋਸਤ, ਅਫ਼ੀਮ ਸਮੇਤ ਦੋ ਕਾਬੂ, ਦੋ ਫ਼ਰਾਰ

ਗੜ੍ਹਸ਼ੰਕਰ – ਮਾਹਿਲਪੁਰ ਪੁਲਸ ਨੂੰ  ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਢਾਡਾ ਖ਼ੁਰਦ ਅਤੇ ਢਾਡਾ ਕਲਾਂ ਵਿਚ ਕੀਤੀ ਛਾਪੇਮਾਰੀ ਦੌਰਾਨ ਪਸ਼ੂਆਂ ਦੇ ਵਾੜਿਆਂ ‘ਚੋਂ ਇੱਕ ਕੁਇੰਟਲ 13 ਕਿੱਲੋ ਚੂਰਾ ਪੋਸਤ ਅਤੇ 400 ਗਰਾਮ ਅਫ਼ੀਮ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ  ਗਿਰਫ਼ਤਾਰ ਕਰਕੇ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਦੀ ਛਾਪੇਮਾਰੀ ਦੌਰਾਨ ਦੋ ਵਿਅਕਤੀ ਫ਼ਰਾਰ ਹੋ ਗਏ |

ਥਾਣਾ ਮੁਖ਼ੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਧੀਕ ਥਾਣਾ ਮੁਖੀ ਰਣਜੀਤ ਕੁਮਾਰ ਨੂੰ  ਗੁਪਤ ਸੂਚਨਾ ਮਿਲੀ ਕਿ ਪਿੰਡ ਢਾਡਾ ਖ਼ੁਰਦ ਵਿਚ ਗੁਰਦਾਵਰ ਸਿੰਘ ਪੁੱਤਰ ਹਰਭਜਨ ਸਿੰਘ ਆਪਣੇ ਪੁੱਤਰ ਪਿੰਦਰ ਨਾਲ ਪਿੰਡ ਤੋਂ ਬਾਹਰ ਚੋਅ ਕੰਢੇ ਪਸ਼ੂਆਂ ਦੇ ਵਾੜੇ ਵਿਚ ਨਸ਼ਾ ਵੇਚ ਰਿਹਾ ਹੈ ਅਤੇ ਨਸ਼ਈ ਮੁੰਡੇ ਵਾਰ ਵਾਰ ਉੱਥੇ ਆ ਜਾ ਰਹੇ ਹਨ | ਪੁਲਸ ਨੇ ਤੁਰੰਤ ਛਾਪਾ ਮਾਰਿਆ, ਗੁਰਦਾਵਰ ਸਿੰਘ ਅਤੇ ਉੱਸ ਦਾ ਪੁੱਤਰ ਪਿੰਦਰ ਪੁਲਸ ਪਾਰਟੀ ਨੂੰ  ਆਉਂਦੀ ਦੇਖ਼ ਉੱਥੋਂ ਫ਼ਰਾਰ ਹੋ ਗਏ ਜਦਕਿ ਉਨ੍ਹਾਂ ਦਾ ਨੌਕਰ ਦਰਸ਼ਨ ਸਿੰਘ ਪੁੱਤਰ ਮੱਖ਼ਣ ਸਿੰਘ ਨੂੰ ਕਾਬੂ ਕੀਤਾ ਅਤੇ ਵਾੜੇ ਦੀ ਤਲਾਸ਼ੀ ਦੌਰਾਨ ਵਾੜੇ ਵਿਚ ਡਿੱਠੇ ਮੰਜੇ ਹੇਠੋਂ ਦੱਬੇ ਹੋਏ ਪਲਾਸਟਿਕ ਦੇ ਦੋ ਥੈਲੇ ਅਤੇ ਪਸ਼ੂਆਂ ਦੇ ਕੋਲ ਪਾਈ ਤਾਜ਼ੀ ਮਿੱਟੀ ਹੇਠੋਂ ਇੱਕ ਬੋਰਾ ਚੂਰਾ ਪੋਸਤ ਦਾ ਬਰਾਮਦ ਹੋਇਆ | ਉਨ੍ਹਾਂ ਦੱਸਿਆ ਕਿ ਤਿੰਨਾਂ ਬੋਰਿਆਂ ਵਿਚ ਵਿੱਚੋਂ 90 ਕਿੱਲੋ ਚੂਰਾ ਪੋਸਤ ਅਤੇ ਇੱਕ ਥੈਲੇ ਵਿਚ ਪਾ ਕੇ ਦੱਬੇ ਲਿਫ਼ਾਫੇ ਵਿੱਚੋਂ 400 ਗਰਾਮ ਅਫ਼ੀਮ ਬਰਾਮਦ ਹੋਈ |

ਇਸੇ ਤਰਾਂ ਢਾਡਾ ਖ਼ੁਰਦ ਦੇ ਲਾਗਲੇ ਪਿੰਡ ਢਾਡਾਂ ਕਲਾਂ ਵਿਚ ਵੀ ਗੁਪਤ ਸੂਚਨਾ ਦੀ ਇਤਲਾਹ ‘ਤੇ ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਢਾਡਾ ਕਲਾਂ ਦੇ ਪਸ਼ੂਆਂ ਦੇ ਵਾੜੇ ਵਿੱਚੋਂ ਲਈ ਤਲਾਸ਼ੀ ਦੌਰਾਨ ਪਸ਼ੂਆਂ ਦੀ ਖ਼ੁਰਲੀ ਨਜ਼ਦੀਕ ਰੱਖ਼ੇ ਪੱਠਿਆਂ ਦੇ ਹੋਠੋਂ ਦਬਾ ਕੇ ਰੱਖ਼ੀ ਬੋਰੀ ਵਿੱਚੋਂ 23 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨੌਕਰ ਦਰਸ਼ਨ ਸਿੰਘ, ਹਰਜਿੰਦਰ ਸਿੰਘ ਨੂੰ  ਗਿਰਫ਼ਤਾਰ ਕਰ ਲਿਆ ਜਦਕਿ ਗੁਰਦਾਵਰ ਸਿੰਘ ਅਤੇ ਉਸ ਦਾ ਪੁੱਤਰ ਪਿੰਦਰ ਭੱਜਣ ਵਿਚ ਸਫ਼ਲ ਹੋ ਗਏ | ਪੁਲਸ ਨੇ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲੇ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |