You are currently viewing ਝੋਨੇ ਦੀ ਖਰੀਦ ‘ਚ ਦੇਰੀ ‘ਤੇ ਭੜਕੇ ਕਿਸਾਨ, ਵਿਧਾਇਕਾਂ ਦੇ ਘਰਾਂ ਦੀ ਘੇਰੇਬੰਦੀ

ਝੋਨੇ ਦੀ ਖਰੀਦ ‘ਚ ਦੇਰੀ ‘ਤੇ ਭੜਕੇ ਕਿਸਾਨ, ਵਿਧਾਇਕਾਂ ਦੇ ਘਰਾਂ ਦੀ ਘੇਰੇਬੰਦੀ

ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ 10 ਦਿਨ ਮੁਲਤਵੀ ਕੀਤੇ ਜਾਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਵਿਚ ਕਿਸਾਨਾਂ ਨੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾ ਲਈ ਹੈ। ਪੰਜਾਬ ਤੇ ਹਰਿਆਣਾ ਵਿਚ ਅੱਜ ਕਿਸਾਨਾਂ ਵੱਲੋਂ ਵਿਧਾਇਕਾਂ ਦੇ ਘਰਾਂ ਦੀ ਘੇਰਾਬੰਦੀ ਕੀਤੀ ਜਾਵੇਗੀ। ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰ ਵੀ ਦਿੱਤੇ ਜਾਣਗੇ। ਕਿਸਾਨਾਂ ਨੇ ਹੱਲਾ ਬੋਲ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਚੌਕਸ ਹਨ।

ਬਠਿੰਡਾ ਵਿਚ ਕਿਸਾਨਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਦਫਤਰ ਘੇਰਿਆ ਗਿਆ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਨੇ ਮੌਸਮ ਦਾ ਬਹਾਨਾ ਬਣਾ ਕੇ ਪੰਜਾਬ ਅਤੇ ਹਰਿਆਣਾ ’ਚ ਝੋਨੇ ਦੀ ਖ਼ਰੀਦ 11 ਅਕਤੂਬਰ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਫ਼ੌਰੀ ਸ਼ੁਰੂ ਕਰਾਉਣ ਦੀ ਅਪੀਲ ਕੀਤੀ ਸੀ।

ਪੰਜਾਬ ਚੋਣਾਂ ਦੇ ਮੱਦੇਨਜ਼ਰ ਸਿਆਸੀ ਧਿਰਾਂ ਨੇ ਕੇਂਦਰ ਦੇ ਇਸ ਫ਼ੈਸਲੇ ਖ਼ਿਲਾਫ਼ ਬਿਗਲ ਵਜਾ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਬਿਨਾਂ ਕਿਸੇ ਦੇਰੀ ਤੋਂ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ’ਤੇ ਖ਼ਰੀਦ ਪਹਿਲਾਂ ਸ਼ੁਰੂ ਕਰਾਉਣ ਦੀ ਅਪੀਲ ਕਰਨ ਵਾਸਤੇ ਦਿੱਲੀ ਪੁੱਜ ਗਏ।

ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਵੀ ਕਿਸਾਨ ਅੰਦੋਲਨ ਸਭ ਤੋਂ ਵੱਧ ਤਿੱਖਾ ਹੈ। ਕੇਂਦਰ ਸਰਕਾਰ ਨੇ ਪਹਿਲਾਂ ਪੱਤਰ ਜਾਰੀ ਕਰਕੇ ਪੰਜਾਬ ਵਿਚੋਂ 171 ਲੱਖ ਮੀਟਰਿਕ ਝੋਨਾ ਖ਼ਰੀਦ ਕਰਨ ਦਾ ਟੀਚਾ ਤੈਅ ਕੀਤਾ ਹੈ ਜਦੋਂ ਕਿ ਪੰਜਾਬ ਨੇ 191 ਲੱਖ ਮੀਟਰਿਕ ਝੋਨਾ ਮੰਡੀਆਂ ਵਿੱਚ ਪੁੱਜਣ ਦਾ ਅਨੁਮਾਨ ਲਾਇਆ ਹੈ। ਪੰਜਾਬ ਸਰਕਾਰ ਨੇ ਬਾਹਰੋਂ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਅੰਤਰਰਾਜੀ ਨਾਕੇ ਲਾਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਰਕਾਰ ਦੀ ਚਿੰਤਾ ਹੈ ਕਿ ਜੇ ਮੰਡੀਆਂ ਵਿੱਚ 171 ਲੱਖ ਮੀਟਰਿਕ ਟਨ ਤੋਂ ਜ਼ਿਆਦਾ ਝੋਨਾ ਪੁੱਜ ਗਿਆ ਤਾਂ ਉਸ ਲਈ ਫ਼ੰਡਾਂ ਦਾ ਪ੍ਰਬੰਧ ਕਿੱਥੋਂ ਹੋਵੇਗਾ।