ਖਰਾਬ ਸੜਕਾਂ ਤੇ ਸਟ੍ਰੀਟ ਲਾਈਟਾਂ ਦੀ ਅਣਦੇਖੀ ਨਾਲ ਲੋਕਾਂ ‘ਚ ਫੈਲ ਰਹੀ ਹੈ ਗੁੱਸੇ ਦੀ ਲਹਿਰ – ਅਰੁਣ ਖੋਸਲਾ * ਕਿਹਾ – ਸੜਕਾਂ ਦੇ ਡੂੰਘੇ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ * ਖਰਾਬ ਸਟ੍ਰੀਟ ਲਾਈਟਾਂ ਨਾਲ ਛਾਇਆ ਰਹਿੰਦਾ ਹੈ ਹਨ੍ਹੇਰਾ

ਫਗਵਾੜਾ 29 ਸਤੰਬਰ 
ਫਗਵਾੜਾ ਦੇ ਬੰਗਾ ਰੋਡ ਸਥਿਤ ਸੁਭਾਸ਼ ਨਗਰ ਚੌਕ ਵਿਖੇ ਸੜਕ ਵਿਚਕਾਰ ਬਣੇ ਵੱਡੇ ਤੇ ਡੂੰਘੇ ਟੋਏ, ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਤੰਗ ਬਾਜਾਰਾਂ ਦੀਆਂ ਸੜਕਾਂ ਦੀ ਮਾੜੀ ਹਾਲਤ, ਅਨੇਕਾਂ ਗਲੀਆਂ, ਮੁਹੱਲਿਆਂ ਤੇ ਰਸਤਿਆਂ ਵਿਚ ਲੰਬੇ ਸਮੇਂ ਤੋਂ ਖਰਾਬ ਪਈਆਂ ਸਟ੍ਰੀਟ ਲਾਈਟਾਂ ਦੇ ਮੁੱਦੇ ਨੂੰ ਲੈ ਕੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਨਗਰ ਨਿਗਮ ਕਮੀਸ਼ਨਰ ਰਾਜੀਵ ਵਰਮਾ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸੁਭਾਸ਼ ਨਗਰ ਚੌਕ ਦਾ ਡੂੰਘਾ ਤੇ ਵੱਡਾ ਟੋਇਆ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਇੱਥੇ ਕੋਈ ਵੀ ਗੱਡੀ ਪਲਟ ਸਕਦੀ ਹੈ ਜਿਸ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋਣ ਦਾ ਅੰਦੇਸ਼ਾ ਹੈ। ਇਸ ਤੋਂ ਇਲਾਵਾ ਝਟਕੱਈਆਂ ਚੌਕ, ਸਰਾਏ ਰੋਡ, ਗਉਸ਼ਾਲਾ ਬਾਜਾਰ ਤੇ ਬਾਂਸਾਵਾਲਾ ਬਾਜਾਰ ਆਦਿ ਇਲਾਕਿਆਂ ਵਿਚ ਵੀ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ। ਸ਼ਹਿਰ ਦੇ ਕਈ ਮੁਹੱਲਿਆਂ ਤੇ ਮੁੱਖ ਰਸਤਿਆਂ ਦੀ ਸਟ੍ਰੀਟ ਲਾਈਟਾਂ ਵੀ ਕਾਫੀ ਸਮੇਂ ਤੋਂ ਖਰਾਬ ਹਨ। ਜਿਸ ਬਾਰੇ ਸ਼ਿਕਾਇਤਾਂ ਦੇ ਬਾਵਜੂਦ ਵੀ ਲਾਈਟਾਂ ਠੀਕ ਨਹੀਂ ਕੀਤੀਆਂ ਜਾ ਰਹੀਆਂ। ਸ਼ਰਾਧਾਂ ਤੋਂ ਬਾਅਦ 6 ਅਕਤੂਬਰ ਨੂੰ ਸ਼ਹਿਰ ‘ਚ ਦਸ਼ਹਿਰੇ ਤੋਂ ਪਹਿਲਾਂ ਹੋਣ ਵਾਲੀ ਸ੍ਰੀ ਰਾਮ ਲੀਲਾ ਦਾ ਮੰਚਨ ਸ਼ੁਰੂ ਹੋਣਾ ਹੈ। ਰਾਤ ਸਮੇਂ ਲੋਕ ਪਰਿਵਾਰਾਂ ਸਮੇਤ ਪ੍ਰਭੂ ਰਾਮ ਦੀ ਲੀਲਾ ਦਾ ਆਨੰਦ ਲੈਣ ਲਈ ਘਰੋਂ ਨਿਕਲਣਗੇ ਪਰ ਖਰਾਬ ਸੜਕਾਂ ਤੇ ਖਰਾਬ ਸਟ੍ਰੀਟ ਲਾਈਟਾਂ ਉਹਨਾਂ ਲਈ ਖਤਰਾ ਬਣੀਆਂ ਹੋਈਆਂ ਹਨ। ਰਾਤ ਨੂੰ ਟੋਇਆਂ ਦੀ ਵਜ੍ਹਾ ਨਾਲ ਜਿੱਥੇ ਸੜਕ ਹਾਦਸਾ ਹੋ ਸਕਦਾ ਹੈ ਉੱਥੇ ਹੀ ਹਨੇ੍ਹਰੇ ਵਿਚ ਸਮਾਜ ਵਿਰੋਧੀ ਅਨਸਰ ਲੁੱਟ-ਖੋਹ ਕਰ ਸਕਦੇ ਹਨ। ਤਿਓਹਾਰੀ ਸੀਜਨ ਦੀ ਵਜ੍ਹਾ ਨਾਲ ਬਾਜਾਰਾਂ ਵਿਚ ਵੀ ਦਿਨ-ਰਾਤ ਭੀੜ ਰਹੇਗੀ ਪਰ ਨਿਗਮ ਕਮੀਸ਼ਨਰ ਤੇ ਕਾਰਪੋਰੇਸ਼ਨ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਵੀ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਜਿਸ ਕਰਕੇ ਖਾਸ ਤੌਰ ਤੇ ਹਿੰਦੂ ਸਮਾਜ ਵਿਚ ਭਾਰੀ ਰੋਸ ਹੈ ਕਿਉਂਕਿ ਸਨਾਤਨ ਧਰਮ ਨਾਲ ਜੁੜੇ ਦੀਵਾਲੀ, ਦੁਸ਼ਿਹਰਾ ਤੇ ਕਰਵਾ ਚੌਥ ਆਦਿ ਦਾ ਸੀਜਨ ਸ਼ੁਰੂ ਹੋਣ ਜਾ ਰਿਹਾ ਹੈ। ਸਾਬਕਾ ਮੇਅਰ ਖੋਸਲਾ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਦਾ ਗੁੱਸਾ ਵੱਧਣ ਤੋਂ ਪਹਿਲਾਂ ਇਹਨਾਂ ਸਮੱਸਿਆਵਾਂ ਦਾ ਹਲ ਕਰਵਾਇਆ ਜਾਵੇ ਨਹੀਂ ਤਾਂ ਹਿੰਦੂ ਸਮਾਜ ਦੇ ਗੁੱਸੇ ਦਾ ਖਾਮਿਆਜਾ ਕਮੀਸ਼ਨਰ ਰਾਜੀਵ ਵਰਮਾ ਹੀ ਨਹੀਂ ਬਲਕਿ ਸੱਤਾ ਧਿਰ ਕਾਂਗਰਸ ਪਾਰਟੀ ਨੂੰ ਵੀ ਭੁਗਤਣਾ ਪਵੇਗਾ।