You are currently viewing ਆਪਣੇ ਕਪਤਾਨ ਦੀ ਬੇਇੱਜਤੀ ‘ਤੇ ਕਾਂਗਰਸੀਆਂ ਦਾ ਲੱਡੂ ਵੰਡਣਾ ਹਾਸੋਹੀਣਾ – ਅਰੁਣ ਖੋਸਲਾ * ਕਿਹਾ – ਕੈਪਟਨ ਅਮਰਿੰਦਰ ਸਿੰਘ ਨੂੰ ਹੋ ਰਿਹਾ ਹੋਵੇਗਾ ਕਾਂਗਰਸੀ ਹੋਣ ਤੇ ਪਛਤਾਵਾ

ਆਪਣੇ ਕਪਤਾਨ ਦੀ ਬੇਇੱਜਤੀ ‘ਤੇ ਕਾਂਗਰਸੀਆਂ ਦਾ ਲੱਡੂ ਵੰਡਣਾ ਹਾਸੋਹੀਣਾ – ਅਰੁਣ ਖੋਸਲਾ * ਕਿਹਾ – ਕੈਪਟਨ ਅਮਰਿੰਦਰ ਸਿੰਘ ਨੂੰ ਹੋ ਰਿਹਾ ਹੋਵੇਗਾ ਕਾਂਗਰਸੀ ਹੋਣ ਤੇ ਪਛਤਾਵਾ

ਫਗਵਾੜਾ 21 ਸਤੰਬਰ 

ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੀ ਮਾਲਾ ਜੱਪਣ ਵਾਲੇ ਕਾਂਗਰਸੀਆਂ ਦਾ ਆਪਣੇ ਕਪਤਾਨ ਦੀ ਬੇਇੱਜਤੀ ਨਾਲ ਹੋਈ ਰੁਖ਼ਸਤੀ ਨੂੰ ਲੈ ਕੇ ਅਫਸੋਸ ਦੀ ਬਜਾਏ ਲੱਡੂ ਵੰਡ ਕੇ ਜਸ਼ਨ ਮਨਾਉਣਾ ਹਾਸੋਹੀਣਾ ਜਾਪਦਾ ਹੈ। ਇਹ ਗੱਲ ਸੀਨੀਅਰ ਭਾਜਪਾ ਆਗੂ ਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਚਰਨਜੀਤ ਚੰਨੀ ਦੀ ਬਤੌਰ ਮੁੱਖ ਮੰਤਰੀ ਤਾਜਪੋਸ਼ੀ ਨੂੰ ਲੈ ਕੇ ਟਿੱਪਣੀ ਦੌਰਾਨ ਕਹੀ। ਉਹਨਾਂ ਕਿਹਾ ਕਿ ਬੇਸ਼ਕ ਕਾਂਗਰਸ ਪਾਰਟੀ ਕਹੇਗੀ ਕਿ ਉਹ ਤਾਂ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਮਨਾ ਰਹੇ ਹਨ ਪਰ ਇਹ ਖੁਸ਼ੀ ਤਾਂ ਜਾਇਜ ਸੀ ਜੇਕਰ ਕਾਂਗਰਸੀਆਂ ਦੀ ਨਜ਼ਰ ‘ਚ ਕੈਪਟਨ ਅਮਰਿੰਦਰ ਸਿੰਘ ਮਾੜਾ ਮੁੱਖ ਮੰਤਰੀ ਰਿਹਾ ਹੋਵੇ। ਉਹਨਾਂ ਕਿਹਾ ਸੀ.ਐਮ. ਚੰਨੀ ਜਾਂ ਡਿਪਟੀ ਸੀ.ਐਮ. ਰੰਧਾਵਾ ਤੇ ਸੋਨੀ ਦੇ ਹਲਕਿਆਂ ਦੇ ਲੋਕ ਜੇਕਰ ਲੱਡੂ ਵੰਡਣ ਤਾਂ ਗੱਲ ਸਮਝ ਆਉਂਦੀ ਹੈ ਪਰ ਫਗਵਾੜਾ ਦੇ ਕਾਂਗਰਸੀ ਕਿਸ ਖੁਸ਼ੀ ‘ਚ ਲੱਡੂ ਵੰਡ ਰਹੇ ਹਨ? ਕਿਉਂਕਿ ਇਹੀ ਆਗੂ ਕੱਲ ਤੱਕ ਕਹਿੰਦੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ। ਕਾਂਗਰਸੀਆਂ ਦੇ ਨਜ਼ਰ ‘ਚ ਕੈਪਟਨ ਨੇ ਕਿਸਾਨਾਂ ਦੇ ਹੱਕ ‘ਚ ਕ੍ਰਾਂਤੀਕਾਰੀ ਫੈਸਲੇ ਲਏ ਸੀ ਤੇ ਪੰਜਾਬ ਦੇ ਹੱਕਾਂ ਤੇ ਹਮੇਸ਼ਾ ਡਟ ਕੇ ਪਹਿਰਾ ਦੇਣ ਦੀ ਗੱਲ ਵੀ ਕਾਂਗਰਸੀ ਉੱਛਲ-ਉੱਛਲ ਕੇ ਕਰਦੇ ਰਹੇ ਹਨ। ਪਰ ਜੇਕਰ ਇਹ ਦਾਅਵੇ ਸੱਚ ਸੀ ਤਾਂ ਅਜਿਹੇ ਕਾਬਿਲ ਕਪਤਾਨ ਦੀ ਬੇਇੱਜਤ ਕਰਕੇ ਹੋਈ ਵਿਦਾਇਗੀ ਦਾ ਕਾਂਗਰਸੀਆਂ ਨੂੰ ਅਫਸੋਸ ਕਰਨਾ ਚਾਹੀਦਾ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਉਹ ਲੱਡੂ ਵੰਡ ਕੇ ਜਸ਼ਨ ਮਨਾ ਰਹੇ ਹਨ। ਖੋਸਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਵਿਨਾਸ਼ ਕਾਲ ਹੈ ਇਸ ਲਈ ਆਗੂਆਂ ਦੀ ਬੁੱਧੀ ਵਿਪਰੀਤ ਹੋ ਗਈ ਹੈ। ਪੰਜਾਬੀਆਂ ਦੀ ਭਾਈਚਾਰਕ ਸਾਂਝ ਨੂੰ ਹਿੰਦੂ, ਸਿੱਖ, ਜੱਟ ਦਲਿਤ, ਰਵਿਦਾਸੀਆ, ਰਾਮਦਾਸੀਆ ਆਦਿ ਵਰਗਾਂ ‘ਚ ਵੰਡ ਕੇ ਕਾਂਗਰਸ ਪਾਰਟੀ ਬਹੁਤ ਖਤਰਨਾਕ ਖੇਡ ਖੇਡ ਰਹੀ ਹੈ। ਜਿਸ ਨਾਟਕੀ ਢੰਕ ਨਾਲ ਚੰਨੀ ਨੂੰ ਮੁੱਖ ਮੰਤਰੀ ਚੁਣਿਆ ਗਿਆ ਹੈ ਉਸਨੇ ਕਾਂਗਰਸ ਦਾ ਧਰਮ ਨਿਰਪੱਖਤਾ ਵਾਲਾ ਅਖੌਤੀ ਚਿਹਰਾ ਸਮੂਹ ਪੰਜਾਬੀਆਂ ਹੀ ਨਹੀਂ ਬਲਕਿ ਦੇਸ਼ ਬਲਕਿ ਦੁਨੀਆ ਦੇ ਸਾਹਮਣੇ ਨੰਗਾ ਕਰਕੇ ਰੱਖ ਦਿੱਤਾ ਹੈ। ਸਾਬਕਾ ਮੇਅਰ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੇ ਕਾਂਗਰਸੀ ਹੋਣ ਤੇ ਜਰੂਰ ਅਫਸੋਸ ਹੋ ਰਿਹਾ ਹੋਵੇਗਾ।