ਸਿੱਖ ਗੁਰੂ ਸਹਿਬਾਨ ਬਾਰੇ ਟਿੱਪਣੀ ਕਰਕੇ ਵਿਵਾਦਾਂ ਵਿੱਚ ਘਿਰ ਚੁੱਕੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ‘ਤੇ ਦਰਜ ਕੀਤੇ ਕੇਸ ਸੰਬੰਧੀ ਅੱਜ ਅਦਾਲਤ ਵਿੱਚ ਸੁਣਵਾਈ ਹੋਈ। ਜਿਥੇ ਸਿੱਖ ਜਥੇਬੰਦੀਆਂ ਤੇ ਗਾਇਕ ਦੇ ਵਕੀਲਾਂ ਵਿਚਾਲੇ ਬਹਿਕ ਹੋਈ ਜਿਸ ਤੋਂ ਬਾਅਦ ਅਦਾਲਤ ਨੇ ਮਾਨ ਦੀ ਜ਼ਮਾਨਤ ਸੰਬੰਧੀ ਫੈਸਲਾ ਕੱਲ੍ਹ ਤੱਕ ਟਾਲ ਦਿੱਤਾ ਹੈ।
ਸਾਂਈ ਲਾਡੀ ਸ਼ਾਹ ਨੂੰ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ਜ ਦੱਸਣ ਦੇ ਮਾਮਲੇ ਵਿੱਚ ਹਾਲਾਂਕਿ ਗੁਰਦਾਸ ਮਾਨ ਨੇ ਆਪਣੇ ਕੰਨ ਫੜ ਕੇ ਹੱਥ ਜੋੜ ਕੇ ਮੁਆਫੀ ਮੰਗ ਲਈ ਸੀ ਪਰ ਪੁਲਿਸ ਨੇ ਇਸ ਉੱਤੇ ਗੁਰਦਾਸ ਮਾਨ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਪਰ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ।
ਗੁਰਦਾਸ ਮਾਨ ਨੇ ਸੈਸ਼ਨ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਪੀਲ ਕੀਤੀ ਸੀ, ਜਿਸ ‘ਤੇ ਅੱਜ ਜਲੰਧਰ ਦੀ ਸੈਸ਼ਨ ਕੋਰਟ ਵਿੱਚ ਗੁਰਦਾਸ ਮਾਨ ਦੀ ਜ਼ਮਾਨਤ ‘ਤੇ ਬਹਿਸ ਹੋਈ। ਬਹਿਸ ਦੌਰਾਨ ਸਿੱਖ ਸੰਗਤ ਵੱਲੋਂ ਪੇਸ਼ ਹੋਏ ਵਕੀਲ ਪਰਮਿੰਦਰ ਸਿੰਘ ਢੀਂਗਰਾ ਨੇ ਮਾਣਯੋਗ ਜੱਜ ਨੂੰ ਅਪੀਲ ਕੀਤੀ ਕਿ ਜੇਕਰ ਗੁਰਦਾਸ ਮਾਨ ਬਾਹਰ ਰਹੇ ਤਾਂ ਪੰਜਾਬ ਦੀ ਹਾਲਤ ਵਿਗੜ ਸਕਦੀ ਹੈ, ਕਿਉਂਕਿ ਸਿੱਖ ਸੰਗਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਨਾਰਾਜ਼ ਹੈ, ਇਸ ਲਈ ਗੁਰਦਾਸ ਮਾਨ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਮਾਣਯੋਗ ਅਦਾਲਤ ਨੇ ਜ਼ਮਾਨਤ ਦੇ ਫੈਸਲੇ ਨੂੰ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ ਹੈ।
ਹਾਲਾਂਕਿ ਮਾਨ ਅਦਾਲਤ ਵਿੱਚ ਪੇਸ਼ ਨਹੀਂ ਹੋਏ ਪਰ ਗੁਰਦਾਸ ਮਾਨ ਦੀ ਪੇਸ਼ੀ ਸੁਣਨ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਮੈਂਬਰ ਵੀ ਅਦਾਲਤੀ ਕੰਪਲੈਕਸ ਪਹੁੰਚੇ ਅਤੇ ਡੇਰਾ ਲਾ ਲਿਆ ਸੀ। ਜਿਵੇਂ ਹੀ ਸਿੱਖ ਜਥੇਬੰਦੀਆਂ ਅਦਾਲਤ ਵਿੱਚ ਪਹੁੰਚੀਆਂ। ਅਦਾਲਤੀ ਕੰਪਲੈਕਸ ਪੁਲਿਸ ਛਾਉਣੀ ਵਿੱਚ ਤਬਦੀਲ ਗਿਆ ਸੀ। ਥਾਣਾ ਸਦਰ ਇੰਚਾਰਜ ਰਵਿੰਦਰ ਕੁਮਾਰ ਟੀਮ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਨੇ ਪੂਰੀ ਤਿਆਰੀ ਕੀਤੀ ਹੋਈ ਸੀ।
ਜ਼ਿਕਰਯੋਗ ਹੈ ਕਿ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਕਈ ਦਿਨਾਂ ਤੱਕ ਹਾਈਵੇ ਨੂੰ ਜਾਮ ਕਰਕੇ ਵਿਰੋਧ ਕੀਤਾ, ਜਿਸ ਤੋਂ ਬਾਅਦ ਜਲੰਧਰ ਪੁਲਿਸ ਨੇ ਗੁਰਦਾਸ ਮਾਨ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਹੁਣ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਵੀ ਵਧਦੀ ਜਾ ਰਹੀ ਹੈ।