ਫਗਵਾੜਾ 2 ਸਤੰਬਰ
ਸ਼ਿਵ ਸੈਨਾ (ਬਾਲ ਠਾਕਰੇ) ਦਾ ਇਕ ਵਫਦ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਐਸ.ਐਚ.ਓ. ਸਰਬਜੀਤ ਸਿੰਘ ਨੂੰ ਮਿਲਿਆ। ਵਫਦ ਵਿਚ ਕਾਮਗਾਰ ਸੈਨਾ ਦੇ ਪ੍ਰਧਾਨ ਜਤਿੰਦਰ ਕੁਮਾਰ ਆਈ.ਟੀ. ਸੈਲ ਸ਼ਹਿਰੀ ਇੰਚਾਰਜ ਸਨੀ ਰਾਜਪੂਤ ਤੋਂ ਇਲਾਵਾ ਸੀਨੀਅਰ ਆਗੂ ਸ਼ਮਸ਼ੇਰ ਭਾਰਤੀ, ਮਾਣਿਕ ਚੰਦ ਅਤੇ ਅਮਨ ਕੁਮਾਰ ਵਾਰਡ ਪ੍ਰਧਾਨ ਸ਼ਾਮਲ ਸਨ। ਕਮਲ ਸਰੋਜ ਅਤੇ ਹੋਰਨਾ ਨੇ ਐਸ.ਐਚ.ਓ. ਨੂੰ ਦੱਸਿਆ ਕਿ ਸ਼ਿਵ ਸੈਨਾ ਇਕ ਰਾਸ਼ਟਰਵਾਦੀ ਸੰਗਠਨ ਹੈ ਜੋ ਦੇਸ਼ ਦੀ ਏਕਤਾ, ਅਖੰਡਤਾ, ਆਪਸੀ ਭਾਈਚਾਰਕ ਸਾਂਝ ਦੀ ਮਜਬੂਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰਹਿ ਕੇ ਦੇਸ਼ ਦੀ ਤੱਰਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਦੀ ਦਿਸ਼ਾ ‘ਚ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਫਗਵਾੜਾ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਇਲਾਵਾ ਨਸ਼ਿਆਂ ਨੂੰ ਠ੍ਹਲ ਪਾਉਣ ਲਈ ਸ਼ਿਵ ਸੈਨਾ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰੇਗੀ। ਐਸ.ਐਚ.ਓ. ਸਰਬਜੀਤ ਸਿੰਘ ਨੇ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੇ ਹਿੱਤ ਵਿਚ ਕੰਮ ਕਰਦੀ ਹੈ। ਪੁਲਿਸ ਤੇ ਪਬਲਿਕ ਦੇ ਸਹਿਯੋਗ ਨਾਲ ਹੀ ਅਮਨ-ਸ਼ਾਂਤੀ ਕਾਇਮ ਹੁੰਦੀ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨਾ ਸੰਭਵ ਹੁੰਦਾ ਹੈ। ਇਸ ਲਈ ਉਹ ਹਰ ਸ਼ਹਿਰੀ ਨੂੰ ਪੁਰਜੋਰ ਅਪੀਲ ਕਰਦੇ ਹਨ ਕਿ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਹਨਾਂ ਵੀ ਭਰੋਸਾ ਦਿੱਤਾ ਕਿ ਸ਼ਹਿਰ ਨੂੰ ਅਪਰਾਧ ਮੁਕਤ ਬਨਾਉਣਾ ਹੀ ਉਹਨਾਂ ਦੀ ਪਹਿਲੀ ਪ੍ਰਾਥਮਿਕਤਾ ਰਹੇਗੀ।