ਇਧਰ, ਇਹ ਵੀ ਚਰਚਾ ਹੈ ਕਿ ਜੇਕਰ ਹਾਈਕਮਾਨ ਨੇ ਗੱਲ ਨਾ ਸੁਣੀ ਤਾਂ 6 ਤੋਂ 7 ਮੰਤਰੀ ਅਸਤੀਫਾ ਵੀ ਦੇ ਸਕਦੇ ਹਨ। ਮੌਜੂਦਾ ਹਾਲਾਤ ਤੋਂ ਜਾਪ ਰਿਹਾ ਹੈ ਕਿ ਵੱਡੀ ਗਿਣਤੀ ਮੰਤਰੀ ਤੇ ਵਿਧਾਇਕ ਕੈਪਟਨ ਨੂੰ ਕੁਰਸੀ ਤੋਂ ਲਾਂਭੇ ਕਰਨ ਦਾ ਪੱਕਾ ਮਨ ਬਣਾ ਬੈਠੇ ਹਨ। ਇਨ੍ਹਾਂ ਆਗੂਆਂ ਨੇ ਅੱਜ ਹੀ ਹਾਈਕਮਾਨ ਕੋਲ ਪਹੁੰਚ ਕਰਨ ਦਾ ਮਨ ਬਣਾਇਆ ਸੀ ਪਰ ਹੁਣ ਪਤਾ ਲੱਗਾ ਹੈ ਕਿ ਪਹਿਲਾਂ ਸਿੱਧੂ ਹਾਈਕਮਾਨ ਨਾਲ ਗੱਲ ਕਰਨਗੇ।
ਮੀਟਿੰਗ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਕਿਹਾ ਕਿ ਹਾਈਕਮਾਨ ਕੋਲ ਕੈਪਟਨ ਨੂੰ ਲਾਂਭੇ ਕਰਨ ਦੀ ਮੰਗ ਰੱਖੀ ਜਾਵੇਗੀ, ਕਿਉਂਕਿ ਉਨ੍ਹਾਂ ਦੀ ਅਗਵਾਈ ਵਿਚ ਕੰਮ ਨਹੀਂ ਹੋ ਰਹੇ। ਪੰਜਾਬ ਦੇ ਘੱਟੋ-ਘੱਟ 4 ਮੰਤਰੀਆਂ ਅਤੇ ਰਾਜ ਦੇ ਦੋ ਦਰਜਨ ਦੇ ਕਰੀਬ ਵਿਧਾਇਕਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਚੋਣ ਵਾਅਦੇ ਪੂਰੇ ਕਰਨ ਵਿੱਚ ਮੁੱਖ ਮੰਤਰੀ ’ਤੇ ਕੋਈ ਭਰੋਸਾ ਨਹੀਂ ਹੈ ਤੇ ਉਨ੍ਹਾਂ ਅਸਿੱਧੇ ਤੌਰ ’ਤੇ ਉਨ੍ਹਾਂ ਦੇ ਬਦਲ ਦੀ ਮੰਗ ਕਰ ਦਿੱਤੀ।
ਇਸ ਸਬੰਧੀ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਬਦਲਣਾ ਪਾਰਟੀ ਹਾਈਕਮਾਂਡ ਦਾ ਅਧਿਕਾਰ ਹੈ ਪਰ ਉਨ੍ਹਾਂ ਦਾ ਮੁੱਖ ਮੰਤਰੀ ’ਤੇ ਵਿਸ਼ਵਾਸ ਨਹੀਂ ਰਿਹਾ। ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਚੰਡੀਗੜ੍ਹ ਦੌਰੇ ਤੋਂ ਇੱਕ ਦਿਨ ਪਹਿਲਾਂ ਹੋਈ ਇਹ ‘ਬਗ਼ਾਵਤ’ ਨੇ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਛਿੜੀ ਲੜਾਈ ਨੂੰ ਹੋਰ ਗੰਭੀਰ ਕਰ ਦਿੱਤਾ ਹੈ।
ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਨੇ ਕਿਹਾ ਕਿ ਇਹ ਯਕੀਨੀ ਹੈ ਕਿ ਕਾਂਗਰਸ ਮੌਜੂਦਾ ਮੁੱਖ ਮੰਤਰੀ ਅਧੀਨ ਚੋਣਾਂ ਨਹੀਂ ਜਿੱਤ ਸਕੇਗੀ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਹੈ ਕਿ ਹੁਣ ਕਾਂਗਰਸ ਬਚਾਉਣ ਲਈ ਲੀ਼ਡਰਸ਼ਿੱਪ ਬਦਲਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਕਾਲੀਆਂ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਇਲਜ਼ਾਮ ਸਾਰੀਆਂ ਦੁਨੀਆਂ ਲਾ ਰਹੀ ਹੈ। ਇਸੇ ਕਾਰਨ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਵਿਚ 2017 ਵਾਲੀ ਗੱਲ ਨਹੀਂ ਰਹੀ।