You are currently viewing ਪਾਕਿਸਤਾਨ ਤੋਂ ਸਿੱਖਾਂ ਲਈ ਵੱਡੀ ਖੁਸ਼ਖਬਰੀ! ਕਰਤਾਰਪੁਰ ਕੌਰੀਡੋਰ ਬਾਰੇ ਅਹਿਮ ਫੈਸਲਾ

ਪਾਕਿਸਤਾਨ ਤੋਂ ਸਿੱਖਾਂ ਲਈ ਵੱਡੀ ਖੁਸ਼ਖਬਰੀ! ਕਰਤਾਰਪੁਰ ਕੌਰੀਡੋਰ ਬਾਰੇ ਅਹਿਮ ਫੈਸਲਾ

ਪਾਕਿਸਤਾਨ ਨੇ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਸਿੱਖ ਸ਼ਰਧਾਲੂਆਂ ਨੂੰ ਅਗਲੇ ਮਹੀਨੇ ਤੋਂ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ।22 ਸਤੰਬਰ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤ ਦਿਵਸ ਹੈ। ਇਸੇ ਲਈ ਕਰਤਾਰਪੁਰ ਸਾਹਿਬ ਦੇ ਪਵਿੱਤਰ ਅਸਥਾਨ ਨੂੰ ਖੋਲ੍ਹਣ ਦਾ ਫੈਸਲਾ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐਨਸੀਓਸੀ) ਨੇ ਸਨਿੱਚਰਵਾਰ ਨੂੰ ਲਿਆ ਹੈ।

‘ਡਾਅਨ’ ਅਖ਼ਬਾਰ ਅਨੁਸਾਰ ਐਨਸੀਓਸੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਿੱਖ ਸ਼ਰਧਾਲੂਆਂ ਨੂੰ ਸਖਤ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਨਾਲ ਅਗਲੇ ਮਹੀਨੇ ਕਰਤਾਰਪੁਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਡੈਲਟਾ ਵੇਰੀਐਂਟ ਕਾਰਣ, ਭਾਰਤ 22 ਮਈ ਤੋਂ 12 ਅਗਸਤ ਤੱਕ ਪਾਕਿਸਤਾਨ ਵਿੱਚ ਸ਼੍ਰੇਣੀ ‘ਸੀ’ ਵਿੱਚ ਸੀ ਤੇ ਸਿੱਖ ਸ਼ਰਧਾਲੂਆਂ ਸਮੇਤ ਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਵਿਸ਼ੇਸ਼ ਪ੍ਰਵਾਨਗੀ ਦੀ ਲੋੜ ਸੀ।

ਹੁਣ ਮੁਕੰਮਲ ਟੀਕਾਕਰਨ ਦੇ ਸਰਟੀਫ਼ਿਕੇਟਾਂ ਵਾਲੇ ਵਿਅਕਤੀਆਂ ਨੂੰ ਪਾਕਿਸਤਾਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਏਗੀ, ਬਸ਼ਰਤੇ ਉਹ ਆਪਣੀਆਂ ‘ਰੀਅਲ-ਟਾਈਮ ਪੋਲੀਮੇਰੇਜ਼ ਚੇਨ ਰਿਐਕਸ਼ਨ’ (ਆਰਟੀ-ਪੀਸੀਆਰ) ਟੈਸਟ ਰਿਪੋਰਟਾਂ ਦਿਖਾਉਣ, ਜੋ 72 ਘੰਟਿਆਂ ਤੋਂ ਵੱਧ ਪੁਰਾਣੀਆਂ ਨਾ ਹੋਣ। ਇਸ ਤੋਂ ਇਲਾਵਾ, ਰੈਪਿਡ ਐਂਟੀਜਨ ਟੈਸਟ (ਆਰਏਟੀ) ਵੀ ਹਵਾਈ ਅੱਡਿਆਂ ‘ਤੇ ਕਰਵਾਇਆ ਜਾਵੇਗਾ ਅਤੇ ਨਤੀਜਾ ਪੌਜ਼ਿਟਿਵ ਆਉਣ ਦੀ ਹਾਲਤ ਵਿੱਚ ਵਿਅਕਤੀ ਨੂੰ ਪਾਕਿਸਤਾਨ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ, ਗੈਰ-ਫਾਰਮਾਸਿਊਟੀਕਲ ਦਖਲਅੰਦਾਜ਼ੀ (ਐਨਪੀਆਈ NPIs) ਅਨੁਸਾਰ, ਕਰਤਾਰਪੁਰ ਸਾਹਿਬ ਦੇ ਗੁਰੂਘਰ ਅੰਦਰ ਇੱਕ ਸਮੇਂ ਵੱਧ ਤੋਂ ਵੱਧ 300 ਵਿਅਕਤੀਆਂ ਨੂੰ ਇਕੱਠੇ ਹੋਣ ਦੀ ਪ੍ਰਵਾਨਗੀ ਹੋਵੇਗੀ। ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲੇ (ਐਨਐਚਐਸ) ਦੇ ਇੱਕ ਅਧਿਕਾਰੀ ਅਨੁਸਾਰ, ਪਾਕਿਸਤਾਨ ਨੇ ਕੋਰੋਨਾਵਾਇਰਸ ਦੇ ਫੈਲਣ ਨਾਲ ਨਜਿੱਠਣ ਲਈ ਤਿੰਨ ਵਰਗ ਬਣਾਏ ਹਨ।

ਪਾਕਿਸਤਾਨੀ ਅਧਿਕਾਰੀ ਨੇ ਦੱਸਿਆ,”ਸ਼੍ਰੇਣੀ ‘ਏ’ ਦੇ ਦੇਸ਼ਾਂ ਨੂੰ ਕੋਵਿਡ -19 ਟੈਸਟ ਤੋਂ ਛੋਟ ਦਿੱਤੀ ਗਈ ਹੈ, ਸ਼੍ਰੇਣੀ ‘ਬੀ’ ਵਿੱਚ ਆਉਣ ਵਾਲੇ ਖੇਤਰਾਂ ਦੇ ਯਾਤਰੀਆਂ ਨੂੰ ਇੱਕ ਨੈਗੇਟਿਵ ਪੀਸੀਆਰ ਟੈਸਟ ਪੇਸ਼ ਕਰਨ ਦੀ ਲੋੜ ਹੁੰਦੀ ਹੈ, ਜੋ ਯਾਤਰਾ ਦੀ ਮਿਤੀ ਦੇ 72 ਘੰਟਿਆਂ ਦੇ ਅੰਦਰ ਅੰਦਰ ਲਿਆ ਹੋਣਾ ਚਾਹੀਦਾ ਹੈ। ਸ਼੍ਰੇਣੀ ‘ਸੀ’ ਵਾਲੇ ਦੇਸ਼ਾਂ ਦੇ ਸੈਲਾਨੀਆਂ ਉੱਤੇ ਪਾਬੰਦੀਆਂ ਹਨ ਅਤੇ ਉਹ ਸਿਰਫ ਵਿਸ਼ੇਸ਼ ਐਨਸੀਓਸੀ (NCOC) ਦਿਸ਼ਾ-ਨਿਰਦੇਸ਼ਾਂ ਮੁਤਾਬਕ ਯਾਤਰਾ ਕਰ ਸਕਦੇ ਹਨ।”

ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲੇ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 3,842 ਨਵੇਂ ਕੇਸਾਂ ਦੇ ਸਾਹਮਣੇ ਆਉਣ ਦੇ ਬਾਵਜੂਦ ਕਰਤਾਰਪੁਰ ਸਾਹਿਬ ’ਚ ਆਉਣ ਤੇ ਪਾਬੰਦੀਆਂ ਵਿੱਚ ਨਰਮੀ ਲਿਆਂਦੀ ਜਾ ਰਹੀ ਹੈ। ਇੰਝ ਹੁਣ ਤੱਕ ਪਾਕਿਸਤਾਨ ਵਿੱਚ ਕੁੱਲ 1,123,812 ਵਿਅਕਤੀਆਂ ਨੂੰ ਕੋਰੋਨਾ ਦੀ ਲਾਗ ਲੱਗ ਚੁੱਕੀ ਹੈ।

ਇਸ ਸਮੇਂ ਦੌਰਾਨ 75 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਕੋਰੋਨਾ–ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 24,923 ਤੱਕ ਪਹੁੰਚ ਗਈ ਹੈ। ਪੌਜ਼ਿਟੀਵਿਟੀ ਦਰ 7.18 ਪ੍ਰਤੀਸ਼ਤ ਸੀ ਜੋ ਪਿਛਲੇ ਤਿੰਨ ਦਿਨਾਂ ਵਿੱਚ ਸਭ ਤੋਂ ਵੱਧ ਸੀ। ਟੀਕਾਕਰਨ ਮੁਹਿੰਮ ਚੱਲ ਰਹੀ ਹੈ ਅਤੇ ਸਿਨੋਵਾਕ ਵੈਕਸੀਨ ਦੀਆਂ 20 ਲੱਖ ਖੁਰਾਕਾਂ ਦੀ ਖੇਪ ਸਨਿੱਚਰਵਾਰ ਨੂੰ ਪਾਕਿਸਤਾਨ ਪਹੁੰਚੀ। ਹੁਣ ਤੱਕ ਦੇਸ਼ ਵਿੱਚ 46.45 ਮਿਲੀਅਨ ਖੁਰਾਕਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ।

ਨਾਲ ਹੀ, ਪਾਕਿਸਤਾਨ ਨੇ ਸ਼੍ਰੀਲੰਕਾ ਨੂੰ ਜੀਵਨ ਬਚਾਉਣ ਵਾਲਾ ਕੋਵਿਡ-19 ਮੈਡੀਕਲ ਉਪਕਰਣ ਪ੍ਰਦਾਨ ਕੀਤਾ ਹੈ। ਪਾਕਿਸਤਾਨ ਦੇ ਹਾਈ ਕਮਿਸ਼ਨਰ ਮੁਹੰਮਦ ਸਾਅਦ ਖੱਟਕ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨੀ ਸਰਕਾਰ ਵੱਲੋਂ ਉਪਕਰਣ ਸੌਂਪੇ। ਪਾਕਿਸਤਾਨ ਸਰਕਾਰ ਦੇ ਅਧਿਕਾਰਤ ਬਿਆਨ ਅਨੁਸਾਰ, ਉਪਕਰਣਾਂ ਵਿੱਚ 75 ਵੈਂਟੀਲੇਟਰ ਤੇ 150 ਸੀ-ਪੀਏਪੀ (C-PAP) ਸਾਹ ਲੈਣ ਵਾਲੀਆਂ ਮਸ਼ੀਨਾਂ ਸ਼ਾਮਲ ਹਨ ਜੋ ਪਾਕਿਸਤਾਨ ਵਿੱਚ ਬਣੀਆਂ ਹਨ।