Punjab : ਲੁਧਿਆਣਾ ‘ਚ ਇਕ ਵੱਡਾ ਹਾਦਸਾ ਵਾਪਰਿਆ। ਇਥੇ ਕਾਰਬਨ ਡਾਈਆਕਸਾਈਡ ਗੈਸ (ਸੀਓ2) ਨਾਲ ਭਰਿਆ ਇਕ ਟੈਂਕਰ ਬੱਸ ਸਟੈਂਡ ਦੇ ਕੋਲ ਸਥਿਤ ਐਲੀਵੇਟਿਡ ਬ੍ਰਿਜ ‘ਤੇ ਅਚਾਨਕ ਪਲਟ ਗਿਆ। ਟੈਂਕਰ ਚਲਾ ਰਹੇ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਟੈਂਕਰ ਡਿੱਗਣ ਕਾਰਨ ਅਚਾਨਕ ਗੈਸ ਲੀਕ ਹੋਣ ਲੱਗੀ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਵੱਲੋਂ ਬੱਸ ਸਟੈਂਡ ਨੇੜੇ ਵੱਡਾ ਇਲਾਕਾ ਬੰਦ ਕਰ ਦਿੱਤਾ ਗਿਆ।
ਡਰਾਈਵਰ ਨੇ ਦੱਸਿਆ ਕਿ ਉਹ ਟੈਂਕਰ ਬਠਿੰਡਾ ਤੋਂ ਲੈ ਕੇ ਆਇਆ ਸੀ। ਉਸ ਨੇ ਸ਼ੇਰਪੁਰ ਵਿਖੇ ਟੈਂਕਰ ਨੂੰ ਅਨਲੋਡ ਕਰਨਾ ਸੀ। ਅਚਾਨਕ ਪੁਲ ‘ਤੇ ਟੈਂਕਰ ਦਾ ਟਾਇਰ ਪਿੰਨ ਟੁੱਟ ਗਿਆ, ਜਿਸ ਕਾਰਨ ਸੰਤੁਲਨ ਵਿਗੜ ਗਿਆ। ਹਾਦਸੇ ਵਿੱਚ ਉਸ ਦੀ ਅੱਖ ਦੇ ਨੇੜੇ ਸੱਟ ਲੱਗੀ। ਹਾਦਸੇ ਤੋਂ ਬਾਅਦ ਪੁਲਸ ਨੂੰ ਫੋਨ ਕੀਤਾ ਅਤੇ ਟੈਂਕਰ ਮਾਲਕ ਨੂੰ ਸੂਚਨਾ ਦਿੱਤੀ।
ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਸਭ ਤੋਂ ਪਹਿਲਾਂ ਪੁਲ ‘ਤੇ ਆਵਾਜਾਈ ਨੂੰ ਰੋਕਿਆ ਗਿਆ। ਟਰੈਫਿਕ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜੇਸੀਬੀ ਬੁਲਾਈ ਜਿਸ ਦੀ ਮਦਦ ਨਾਲ ਉਨ੍ਹਾਂ ਟੈਂਕਰ ਨੂੰ ਸੜਕ ਤੋਂ ਹਟਾਇਆ ਖੁਸ਼ਕਿਸਮਤੀ ਇਹ ਰਹੀ ਕਿ ਟੈਂਕਰ ਟੱਕਰ ਲੱਗਣ ਤੋਂ ਬਾਅਦ ਪਲਟ ਗਿਆ, ਜੇਕਰ ਪੁਲ ਤੋਂ ਹੇਠਾਂ ਆ ਜਾਂਦਾ ਤਾਂ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਫਿਲਹਾਲ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਜੇਸੀਬੀ ਕਰੇਨ ਦੀ ਮਦਦ ਨਾਲ ਟੈਂਕਰ ਨੂੰ ਸੜਕ ਤੋਂ ਹਟਾਇਆ ਗਿਆ। ਪੁਲਿਸ ਨੇ ਡਰਾਈਵਰ ਦਾ ਪਤਾ ਨੋਟ ਕਰ ਲਿਆ। ਇਸ ਮਾਮਲੇ ਦੀ ਜਾਂਚ ਜਾਰੀ ਹੈ।