Haryana : ਹਰਿਆਣਾ ਦੇ ਗੁਰੂਗ੍ਰਾਮ ਵਿਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਬਿਹਾਰ ਦੇ ਰਹਿਣ ਵਾਲੇ ਚਾਰ ਨੌਜਵਾਨਾਂ ਦੀ ਜ਼ਿੰਦਾ ਸਾੜ ਕੇ ਮੌਤ ਹੋ ਗਈ। ਇਥੇ ਸਰਸਵਤੀ ਐਨਕਲੇਵ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ। ਘਰ ਅੰਦਰ ਮੌਜੂਦ ਚਾਰ ਲੋਕਾਂ ਦੀ ਮੌਤ ਹੋ ਗਈ। ਚਾਰੇ ਨੌਜਵਾਨ ਇੱਕ ਕਮਰੇ ਵਿੱਚ ਸੌਂ ਰਹੇ ਸਨ।
ਜਾਣਕਾਰੀ ਮੁਤਾਬਕ ਦੇਰ ਰਾਤ ਗੁਰੂਗ੍ਰਾਮ ਦੇ ਸਰਸਵਤੀ ਐਨਕਲੇਵ ਦੇ ਜੇ-ਬਲਾਕ ‘ਚ ਇਕ ਕਮਰੇ ‘ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਦੌਰਾਨ ਕਮਰੇ ‘ਚ ਸੌਂ ਰਹੇ 17 ਸਾਲਾ, 22 ਸਾਲਾ, 24 ਸਾਲਾ ਅਤੇ 28 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨਾਂ ਦੀ ਪਛਾਣ ਨੂਰ ਆਲਮ, ਮੁਸਤਾਕ, ਅਮਨ ਅਤੇ ਸਾਹਿਲ ਵਜੋਂ ਹੋਈ ਹੈ। ਬਿਹਾਰ ਦੇ ਇਹ ਸਾਰੇ ਨੌਜਵਾਨ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ।ਦੱਸਿਆ ਜਾ ਰਿਹਾ ਹੈ ਕਿ ਫਾਇਰ ਵਿਭਾਗ ਦੀਆਂ ਟੀਮਾਂ ਨੇ ਅੱਗ ‘ਤੇ ਕਾਬੂ ਪਾਇਆ ਅਤੇ ਫਿਰ ਚਾਰਾਂ ਲਾਸ਼ਾਂ ਨੂੰ ਬਾਹਰ ਕੱਢਿਆ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਸਾਰੇ ਇੱਕ ਗਾਰਮੈਂਟਸ ਕੰਪਨੀ ਵਿੱਚ ਕੰਮ ਕਰਦੇ ਸਨ।ਦੱਸਿਆ ਜਾ ਰਿਹਾ ਹੈ ਕਿ ਸਾਰੇ ਲੋਕ ਗਾਰਮੈਂਟ ਕੰਪਨੀ ‘ਚ ਟੇਲਰ ਦਾ ਕੰਮ ਕਰਦੇ ਸਨ।
ਇਨ੍ਹਾਂ ਵਿੱਚੋਂ ਇੱਕ ਨੌਜਵਾਨ ਵਿਆਹਿਆ ਹੋਇਆ ਸੀ ਅਤੇ ਉਸ ਦੀ ਪਤਨੀ ਅਤੇ ਬੱਚੇ ਦੀਵਾਲੀ ਕਾਰਨ ਘਰੋਂ ਗਏ ਹੋਏ ਸਨ। ਰਾਤ ਨੂੰ ਜਦੋਂ ਸਾਰੇ ਇੱਕ ਕਮਰੇ ਵਿੱਚ ਸੌਂ ਰਹੇ ਸਨ ਤਾਂ ਅੱਗ ਲੱਗ ਗਈ ਅਤੇ ਕਿਸੇ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ।