Phagwara News : ਫਗਵਾੜਾ 26 ਅਗਸਤ ( ਸ਼ਰਨਜੀਤ ਸਿੰਘ ਸੋਨੀ ) ਰੋਹਤਕ ਵਿਖੇ ਹੋਈ ਰਾਸ਼ਟਰੀ ਰੈਸਲਿੰਗ ਚੈਂਪੀਅਨਸ਼ਿਪ ਲਈ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਫਗਵਾੜਾ ਦੇ ਪਹਿਲਵਾਨ ਵਿਸ਼ਾਲ ਕੁਮਾਰ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ। ਜਿਸ ਨੂੰ ਪਹਿਲਵਾਨ ਪਰਵਿੰਦਰ ਸਿੰਘ ਕੰਗ ਸਰਹਾਲੀ ਵਲੋਂ ਚਾਰ ਕਿੱਲੋ ਬਦਾਮ ਬਤੌਰ ਇਨਾਮ ਭੇਂਟ ਕਰਦੇ ਹੋਏ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਇੰਸਪੈਕਟਰ ਅਮਨਦੀਪ ਸੋਂਧੀ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਉਹਨਾਂ ਨੇ ਵੀ ਪਹਿਲਵਾਨ ਵਿਸ਼ਾਲ ਕੁਮਾਰ ਨੂੰ ਇਸ ਪ੍ਰਾਪਤੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਤੋਂ ਇਲਾਵਾ ਦੋ ਹੋਰ ਪਹਿਲਵਾਨਾਂ ਕਰਨਵੀਰ ਸਿੰਘ ਸੰਘਾ ਅਤੇ ਪਰਮਿੰਦਰ ਨੂੰ ਵੀ ਕੌਮੀ ਪੱਧਰ ‘ਤੇ ਵੱਧੀਆ ਪ੍ਰਦਰਸ਼ਨ ਲਈ ਦੋ-ਦੋ ਕਿੱਲੋ ਬਦਾਮ ਭੇਂਟ ਕਰਕੇ ਹੌਸਲਾ ਅਫਜਾਈ ਕੀਤੀ ਗਈ।
ਵਧੇਰੇ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਸੰਚਾਲਕ ਅਤੇ ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਨੇ ਦੱਸਿਆ ਕਿ ਅਕੈਡਮੀ ਦੇ ਪੰਜ ਪਹਿਲਵਾਨਾਂ ਦੀ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਈ ਸੀ। ਜਿਹਨਾਂ ਵਿਚੋਂ ਵਿਸ਼ਾਲ ਕੁਮਾਰ ਨੇ 79 ਕਿੱਲੋ ਭਾਰ ਵਰਗ ਦੇ ਮੁਕਾਬਲੇ ਵਿਚ ਸਿਲਵਰ ਮੈਡਲ ਹਾਸਲ ਕਰਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਬੇਸ਼ਕ ਵਿਸ਼ਾਲ ਕੁਮਾਰ ਦੇ ਰੂਪ ਵਿਚ ਇਕ ਹੀ ਪਹਿਲਵਾਨ ਨੂੰ ਮੈਡਲ ਮਿਲਿਆ ਪਰ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰ ਉਹਨਾਂ ਦੀ ਅਕੈਡਮੀ ਦੇ ਪੰਜ ਪਹਿਲਵਾਨ ਨੈਸ਼ਨਲ ਚੈਂਪੀਅਨਸ਼ਿਪ ਲਈ ਚੁਣੇ ਗਏ। ਜਿਹਨਾਂ ਨੂੰ ਨੈਸ਼ਨਲ ਚੈਂਪੀਅਨਸ਼ਿਪ ਵਿਚ ਘੁਲਣ ਦੇ ਤਜੁਰਬਾ ਮਿਲਿਆ ਹੈ। ਜੋ ਭਵਿੱਖ ਵਿਚ ਉਹਨਾਂ ਦੇ ਕੰਮ ਆਵੇਗਾ। ਇਸ ਮੌਕੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ, ਕੋਚ ਸਾਜਨ ਰਾਜਪੂਤ, ਕੋਚ ਰਵਿੰਦਰ ਨਾਥ, ਬਲਵੀਰ ਕੁਮਾਰ, ਸਰਬਜੀਤ ਸਿੰਘ ਸੰਘਾ, ਆਰ.ਪੀ. ਸਿੰਘ ਆਦਿ ਹਾਜਰ ਸਨ