Cabinet Decisions: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਸ਼ੁੱਕਰਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ ‘ਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਸਰਕਾਰ ਨੇ ਤਿੰਨ ਨਵੇਂ ਮੈਟਰੋ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ 2 ਨਵੇਂ ਹਵਾਈ ਅੱਡੇ, ਰਿੰਗ ਰੋਡ ਅਤੇ ਕਈ ਬੁਨਿਆਦੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸ਼ਹਿਰਾਂ ਵਿੱਚ ਮੱਧ ਵਰਗ ਦੇ ਵਿਕਾਸ ਵਿੱਚ ਆਵਾਜਾਈ ਇੱਕ ਵੱਡਾ ਕਾਰਕ ਹੈ। ਸ਼ਹਿਰਾਂ ਵਿੱਚ ਮੱਧ ਵਰਗ ਲਈ ਇੱਕ ਬੁਨਿਆਦੀ ਸਹੂਲਤ ਵਜੋਂ ਪਿਛਲੇ 10 ਸਾਲਾਂ ਵਿੱਚ ਮੈਟਰੋ ਦਾ ਬਹੁਤ ਵਿਸਥਾਰ ਹੋਇਆ ਹੈ। ਜਿੱਥੇ 10 ਸਾਲ ਪਹਿਲਾਂ 5 ਸ਼ਹਿਰਾਂ ਵਿੱਚ ਮੈਟਰੋ ਹੁੰਦੀ ਸੀ, ਅੱਜ 21 ਸ਼ਹਿਰਾਂ ਵਿੱਚ ਮੈਟਰੋ ਹੈ। ਇਸੇ ਲੜੀ ਤਹਿਤ ਅੱਜ ਕੈਬਨਿਟ ਨੇ ਤਿੰਨ ਹੋਰ ਮੈਟਰੋ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੱਜ ਦੇ ਸਮੇਂ ‘ਚ ਲੋਕ ਜਹਾਜ਼ਾਂ ਰਾਹੀਂ ਸਫਰ ਕਰਨਾ ਚਾਹੁੰਦੇ ਹਨ, ਲੋਕ ਲੰਬੀ ਦੂਰੀ ਲਈ ਜਹਾਜ਼ਾਂ ਰਾਹੀਂ ਜ਼ਿਆਦਾ ਸਫਰ ਕਰਦੇ ਹਨ, ਅਜਿਹੇ ‘ਚ ਦੋ ਨਵੇਂ ਏਅਰਪੋਰਟ ਸੁਵਿਧਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਬੈਂਗਲੁਰੂ ਮੈਟਰੋ ਰੇਲ ਪ੍ਰੋਜੈਕਟ ਫੇਜ਼-3 ਦੇ 2 ਕੋਰੀਡੋਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਥੇ ਰਿੰਗ ਰੋਡ ਵੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਠਾਣੇ, ਮਹਾਰਾਸ਼ਟਰ ਵਿੱਚ ਇੰਟੈਗਰਲ ਰਿੰਗ ਮੈਟਰੋ ਰੇਲ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ‘ਤੇ 12,200 ਕਰੋੜ ਰੁਪਏ ਖਰਚ ਹੋਣਗੇ। ਤੀਜਾ ਪੁਣੇ ਮੈਟਰੋ ਫੇਜ਼-1 ਪ੍ਰੋਜੈਕਟ ਦਾ ਦੱਖਣ ਵੱਲ ਵਿਸਤਾਰ ਹੈ। ਇਸ ‘ਤੇ 2,954.53 ਕਰੋੜ ਰੁਪਏ ਖਰਚ ਹੋਣਗੇ। ਇਸ ਨੂੰ 2029 ਤੱਕ ਚਾਲੂ ਕੀਤਾ ਜਾਣਾ ਹੈ।