ਫਗਵਾੜਾ 19 ਦਸੰਬਰ ( ਸ਼ਰਨਜੀਤ ਸਿੰਘ ਸੋਨੀ ) ਪਿੰਡ ਢੱਕ ਪੰਡੋਰੀ ਵਿਖੇ ਪ੍ਰਵਾਸੀ ਭਾਰਤੀਆਂ ਅਤੇ ਢੱਕ ਪੰਡੋਰੀ, ਪੰਡੋਰੀ ਤੇ ਫਤਿਹਗੜ੍ਹ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਦੂਜੇ ਕਬੱਡੀ ਕੱਪ ਟੂਰਨਾਮੈਂਟ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਉਹਨਾਂ ਦੇ ਨਾਲ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ, ਬਲਾਕ ਪ੍ਰਧਾਨ ਵਰੁਣ ਬੰਗੜ ਅਤੇ ਹੋਰ ਸਾਥੀ ਵੀ ਸਨ। ਜੋਗਿੰਦਰ ਮਾਨ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਦੇ ਨਾਲ ਖੇਡਣ ਲਈ ਪ੍ਰੇਰਿਤ ਕਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਮਾਨ ਨੇ ਕਿਹਾ ਕਿ ਅਜੋਕੇ ਦੌਰ ਵਿਚ ਚੰਗੇ ਖਿਡਾਰੀ ਆਪਣੇ ਹੁਨਰ ਦੇ ਨਾਲ ਖੇਡਾਂ ਵਿਚ ਕੈਰੀਅਰ ਬਣਾ ਕੇ ਆਰਥਕਤਾ ਨੂੰ ਮਜਬੂਤ ਕਰ ਸਕਦੇ ਹਨ। ਪੰਜਾਬ ਵਿਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਖਿਡਾਰੀਆਂ ਨੂੰ ਸਿਰਫ ਸਹੀ ਸੇਧ ਦੇਣ ਦੀ ਲੋੜ ਹੈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਜਿਹੇ ਟੂਰਨਾਮੈਂਟ ਕਰਵਾ ਕੇ ਐਨ.ਜੀ.ਓ. ਅਤੇ ਖੇਡ ਕਲੱਬਾਂ ਵੀ ਸਰਕਾਰ ਦਾ ਸਹਿਯੋਗ ਕਰ ਸਕਦੀਆਂ ਹਨ। ਪ੍ਰਬੰਧਕਾਂ ਵਲੋਂ ਜੋਗਿੰਦਰ ਮਾਨ ਅਤੇ ਉਹਨਾਂ ਦੇ ਨਾਲ ਪਹੁੰਚੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਰਣਬੀਰ ਸਿੰਘ, ਰਾਕੇਸ਼ ਕੁਮਾਰ ਕੇਸ਼ੀ, ਵਿਜੇ ਪੰਡੋਰੀ ਸਾਬਕਾ ਸਰਪੰਚ, ਗੁਰਚਰਨ ਸਿੰਘ, ਅੰਮ੍ਰਿਤਪਾਲ ਸਿੰਘ ਸਰਪੰਚ ਪੰਡੋਰੀ, ਲਾਡੀ ਸੰਗਤਪੁਰ ਆਦਿ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਪਤਵੰਤੇ ਅਤੇ ਕਬੱਡੀ ਪ੍ਰੇਮੀ ਹਾਜਰ ਸਨ।