ਫਗਵਾੜਾ 17 ਫਰਵਰੀ
ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਫਗਵਾੜਾ ਵਿੱਚ ਵੀਰਵਾਰ ਨੂੰ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਗੁਰੂ ਹਰਗੋਬਿੰਦ ਨਗਰ ਚੌਂਕ ਵਿਖੇ ਪੁੱਜਣ ਤੇ ਸ਼ਿਵ ਸੈਨਾ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਦੀ ਅਗਵਾਈ ਵਿੱਚ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਕਮਲ ਸਰੋਜ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਮਲ ਸਰੋਜ ਨੇ ਸ਼ੋਭਾਯਾਤਰਾ ਦੇ ਰੂਟ ’ਤੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਪੁਲਿਸ ਵਲੋਂ ਬੰਦ ਨਾ ਕਰਵਾਉਣ ਨੂੰ ਮੰਦਭਾਗੀ ਗੱਲ ਕਰਾਰ ਦਿੰਦਿਆਂ ਕਿਹਾ ਕਿ 13 ਫਰਵਰੀ ਨੂੰ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਵੱਲੋਂ ਇਕ ਹੁਕਮ ਜਾਰੀ ਕੀਤਾ ਗਿਆ ਸੀ ਕਿ ਜਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁਲੱਥ ਵਿੱਚ ਮਹਾਸ਼ਿਵਰਾਤਰੀ ਦੇ ਜਲੂਸ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਹੁਕਮ ਦੀ ਪਾਲਣਾ ਕਰਵਾਉਣਾ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਪਰ ਉਨ੍ਹਾਂ ਨੇ ਲਾਪਰਵਾਹੀ ਨਾਲ ਕੰਮ ਲਿਆ। ਕਮਲ ਸਰੋਜ ਨੇ ਕਿਹਾ ਕਿ ਭਾਵੇਂ ਹਿੰਦੂ ਸੰਗਠਨਾਂ ਦੇ ਸੱਦੇ ’ਤੇ ਦੁਕਾਨਦਾਰਾਂ ਨੇ ਮੀਟ-ਸ਼ਰਾਬ ਦੀਆਂ ਦੁਕਾਨਾਂ ਨੂੰ ਸ਼ਾਂਤੀਪੂਰਵਕ ਬੰਦ ਕਰਵਾ ਕੇ ਸੁਹਿਰਦਤਾ ਦਿਖਾਈ ਹੈ, ਜਿਸ ਲਈ ਉਹ ਸਾਰਿਆਂ ਦੇ ਧੰਨਵਾਦੀ ਹਨ, ਪਰ ਮਾਮਲਾ ਵਿਗੜ ਸਕਦਾ ਸੀ ਅਤੇ ਜੇਕਰ ਸ਼ਹਿਰ ਦੀ ਸ਼ਾਂਤੀ ਭੰਗ ਹੁੰਦੀ ਤਾਂ ਜ਼ਿੰਮੇਵਾਰੀ ਕਿਸਦੀ ਸੀ? ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਐਸ.ਡੀ.ਐਮ ਫਗਵਾੜਾ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਇਹ ਮਾਮਲਾ ਈ-ਮੇਲ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੇ ਧਿਆਨ ਵਿੱਚ ਵੀ ਲਿਆਂਦਾ ਜਾ ਰਿਹਾ ਹੈ। ਇਸ ਮੌਕੇ ਪਵਨ ਕੁਮਾਰ ਬਿੱਲਾ, ਸੰਨੀ ਰਾਜਪੂਤ, ਕਰਨਵੀਰ ਸ਼ਰਮਾ, ਗੁਰਪ੍ਰੀਤ ਸਿੰਘ, ਅਮਨ ਕੁਮਾਰ, ਜਿੰਮੀ ਕਰਵਲ, ਅਸ਼ਵਨੀ ਸਹੋਤਾ, ਅਨੂ ਸਹੋਤਾ, ਕੁਲਵਿੰਦਰ ਆਦਿ ਹਾਜ਼ਰ ਸਨ।