ਕਪੂਰਥਲਾ, 14 ਫ਼ਰਵਰੀ
ਭਾਰਤੀ ਵਿਲੱਖਣ ਪਛਾਣ ਸੇਵਾਵਾਂ ਅਥਾਰਟੀ ਦੀ ਉਪ- ਮਹਾਂਨਿਰਦੇਸ਼ਕ ਸ੍ਰੀਮਤੀ ਭਾਵਨਾ ਗਰਗ ਨੇ ਕਿਹਾ ਹੈ ਕਿ 10 ਸਾਲ ਪਹਿਲਾਂ (2015 ਤੋਂ ਪਹਿਲਾਂ) ਬਣੇ ਆਧਾਰ ਸ਼ਨਾਖ਼ਤੀ ਅਤੇ ਘਰ ਦੇ ਪਤੇ ਦੇ ਦਸਤਾਵੇਜ਼ ਨਾਲ ਅਪਡੇਟ ਕੀਤੇ ਜਾਣ । ਉਨਾਂ ਕਿਹਾ ਕਿ ਇਸ ਸਬੰਧੀ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤੇ ਸਕੂਲਾਂ ਅੰਦਰ ਵਿਸ਼ੇਸ਼ ਕੈਂਪ ਲਗਾਕੇ ਬਾਇਓ ਮੈਟ੍ਰਿਕ ਅਪਡੇਟ ਕੀਤੇ ਜਾਣ ।
ਉਹ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨਾਲ ਅਧਾਰ ਕਾਰਡ ਬਾਰੇ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ’ਚ 0-5 ਅਤੇ 6-15 ਸਾਲ ਵਰਗ ਦੇ ਆਧਾਰ ਪੰਜੀਕਰਣ ਦੀ ਸਮੀਖਿਆ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ’ਚ ਆਧਾਰ ਦੀ ਵਰਤੋਂ ਕਰਨ ਵੇਲੇ ਸਬੰਧਤ ਅਧਿਕਾਰੀ ਕਿਊ ਆਰ ਕੋਡ ਐਪ ਰਾਹੀਂ ਆਧਾਰ ਦੇ ਅਸਲੀ/ਨਕਲੀ ਹੋਣ ਬਾਰੇ ਜ਼ਰੂਰ ਪੜਤਾਲ ਕਰ ਲੈਣ।
ਉਨ੍ਹਾਂ ਕਿਹਾ ਕਿ ਜੇਕਰ ਕਿਊ ਆਰ ਕੋਡ ਐਪ ਨਾਲ ਜਾਂਚ ਕਰਨ ’ਤੇ ਆਧਾਰ ਕਾਰਡ ਫ਼ਰਜ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਖ਼ਿਲਾਫ਼ ਤੁਰੰਤ ਜਾਅਲਸਾਜ਼ੀ ਦਾ ਪਰਚਾ ਦਰਜ ਕਰਵਾਇਆ ਜਾਵੇ।
ਉਨ੍ਹਾਂ ਜ਼ਿਲ੍ਹੇ ’ਚ ਨਵਜਨਮੇ ਬੱਚਿਆਂ ਦੇ ਆਧਾਰ ਪੰਜੀਕਰਣ ਲਈ ਸਿਹਤ ਸੰਸਥਾਂਵਾਂ ’ਚ ਹੀ ਪੰਜੀਕਰਣ ਦੇ ਪ੍ਰਬੰਧ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਨਵਜਨਮੇ ਬੱਚਿਆਂ ਦੇ ਬਾਇਓਮੈਟਿ੍ਰਕ ਲਾਜ਼ਮੀ ਨਾ ਹੋਣ ਕਾਰਨ, ਇਹ ਪੰਜੀਕਰਣ ਜਨਮ ਸਮੇਂ ਜ਼ਰੂਰ ਕਰਵਾਇਆ ਜਾਵੇ।
ਉਨ੍ਹਾਂ 6-15 ਸਾਲ ਉੁਮਰ ਵਰਗ ਦੇ 100 ਫ਼ੀਸਦੀ ਪੰਜੀਕਰਣ ਲਈ ਮੀਟਿੰਗ ’ਚ ਮੌਜੂਦ ਜ਼ਿਲ੍ਹਾ ਸਿਖਿਆ ਅਫ਼ਸਰਾਂ ਨੂੰ ਤੇਜ਼ੀ ਲਿਆਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ 0-5 ਸਾਲ ਵਰਗ ’ਚ ਪਹਿਲਾਂ ਹੀ ਆਧਾਰ ਪੰਜੀਕਰਣ ਹੋਇਆ ਹੈ ਤਾਂ 6-15 ਸਾਲ ਵਰਗ ’ਚ ਉਸ ਦੇ ਬਾਇਓਮੈਟਿ੍ਰਕ ਵੀ ਅਪਡੇਟ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਆਧਾਰ ਕਾਰਡ ਦੀ ਕਾਪੀ ਦਫ਼ਤਰੀ ਰਿਕਾਰਡ ’ਚ ਨਾ ਲਾਈ ਜਾਵੇ ਤਾਂ ਜੋ ਇਸ ਦੀ ਦੁਰਵਰਤੋਂ ਨਾ ਹੋ ਸਕੇ ਅਤੇ ਉੁਸ ਦੀ ਥਾਂ ਆਧਾਰ ਦੇ ਆਖਰੀ ਚਾਰ ਅੰਕ ਜਾਂ ‘ਵਰਚੂਅਲ ਆਧਾਰ’ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਊ ਆਰ ਕੋਡ ਐਪ ਨੂੰ ਆਧਾਰ ਜਾਂਚ ਲਈ ਸਭ ਤੋਂ ਉਤਮ ਕਰਾਰ ਦਿੱਤਾ।
ਉਪ ਮਹਾਂਨਿਰਦੇਸ਼ਕ ਨੇ 10 ਸਾਲ ਪਹਿਲਾਂ ਬਣੇ ਆਧਾਰ ਆਨਲਾਈਨ “ਮਾਈ ਆਧਾਰ “ ਪੋਰਟਲ ’ਤੇ ਜਾ ਕੇ, ਆਪਣਾ ਕੋਈ ਵੀ ਸ਼ਨਾਖ਼ਤੀ ਅਤੇ ਘਰ ਦੇ ਪਤੇ ਦਾ ਦਸਤਾਵੇਜ਼ ਅਪਲੋਡ ਕਰਕੇ ਘਰ ਬੈਠੇ ਹੀ ਕਰ ਸਕਣ ਦੀ ਸਹੂਲਤ ਦਾ ਵੀ ਵਧ ਤੋਂ ਵਧ ਲਾਭ ਲੈਣ ਲਈ ਆਖਿਆ।
ਡਿਪਟੀ ਕਮਿਸ਼ਨਰ ਸ੍ਰੀ ਸਾਰੰਗਲ ਨੇ ਇਸ ਮੌਕੇ ਆਖਿਆ ਕਿ ਜ਼ਿਲ੍ਹੇ ’ਚ 0-5 ਸਾਲ ਅਤੇ 5-17 ਸਾਲ ਵਰਗ ਦੇ ਆਧਾਰ ਪੰਜੀਕਰਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਧਾਰ ਕਾਰਡ ਨੂੰ ਬਿਲਕੁਲ ਗਲਤੀ ਰਹਿਤ ਬਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢਣ ਕਿਉਂ ਜੋ ਲਗਭਗ ਸਾਰੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਅਧਾਰ ਕਾਰਡ ਜ਼ਰੂਰੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਧਾਰ ਕਾਰਡ ਨੂੰ ਅਪਡੇਟ ਕਰਨ ਲਈ ਪਿੰਡ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣ ਤੇ ਸਬੰਧਿਤ ਐਸ.ਡੀ.ਐਮਜ਼ ਇਸ ਮੁਹਿੰਮ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿਚ 75 ਫੀਸਦੀ ਤੋਂ ਵੱਧ ਵਿਦਿਆਰਥੀਆਂ ਦੇ ਆਧਾਰ ਕਾਰਡ ਅਪਡੇਟ ਕਰ ਦਿੱਤੇ ਗਏ ਹਨ, ਜਦਕਿ ਬਾਕੀ ਨੂੰ ਵੀ ਅਗਲੇ ਇਕ ਮਹੀਨੇ ਦੌਰਾਨ ਮੁਕੰਮਲ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲੇ ਅੰਦਰ ਕੰਮ ਕਰ ਰਹੇ 73 ਅਧਾਰ ਕਾਰਡ ਕੇਂਦਰਾਂ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕ ਅਧਾਰ ਨਾਲ ਸਬੰਧਿਤ ਸੇਵਾਵਾਂ ਬਿਨ੍ਹਾਂ ਕਿਸੇ ਦੇਰੀ ਅਤੇ ਦਿੱਕਤ ਤੋਂ ਪ੍ਰਾਪਤ ਕਰ ਸਕਣ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸਾਗਰ ਸੇਤੀਆ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ, ਐਸ ਡੀ ਐਮ ਸੁਲਤਾਨਪੁਰ ਲੋਧੀ ਚੰਦਰਾਜੋਤੀ , ਐਸ.ਡੀ.ਐਮ. ਕਪੂਰਥਲਾ ਲਾਲ ਵਿਸ਼ਵਾਸ਼ ਬੈਂਸ ਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ।