ਫਗਵਾੜਾ 21 ਜਨਵਰੀ
ਐਸ.ਐਸ.ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ (ਆਈ.ਪੀ.ਐਸ.) ਅਤੇ ਐਸ.ਪੀ. ਫਗਵਾੜਾ ਮੁਖਤਿਆਰ ਰਾਏ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਗਣਤੰਤਰ ਦਿਵਸ ਨੂੰ ਮੱਦੇਨਜਰ ਰੱਖਦੇ ਹੋਏ ਰਾਵਲਪਿੰਡੀ ਪੁਲਿਸ ਵਲੋਂ ਹੁਸ਼ਿਆਰਪੁਰ ਰੋਡ ਸਥਿਤ ਪਿੰਡ ਰਿਹਾਣਾ ਜੱਟਾਂ ਵਿਖੇ ਐਸ.ਐਚ.ਓ. ਕਾਂਤੀ ਰਾਣੀ ਦੀ ਅਗਵਾਈ ਹੇਠ ਨਾਕਾਬੰਦੀ ਕਰਕੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਦੌਰਾਨ ਟਰੈਫਿਕ ਨਿਯਮਾਂ ਦੀ ਉਲੰਘਣਾ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਐਸ.ਆਈ. ਕਾਂਤੀ ਰਾਣੀ ਨੇ ਕਿਹਾ ਕਿ ਇਸ ਮੁਹਿਮ ਦਾ ਮਕਸਦ ਗਣਤੰਤਰ ਦਿਵਸ ਦੇ ਮੱਦੇਨਜਰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾਂ ਨੂੰ ਰੋਕਣਾ ਅਤੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣਾ ਹੈ। ਉਹਨਾਂ ਜਿੱਥੇ ਵਾਹਨ ਚਾਲਕਾਂ ਨੂੰ ਡਰਾਈਵਿੰਗ ਸਮੇਂ ਸੀਟ ਬੈਲਟ ਜਰੂਰ ਲਗਾਉਣ ਦੀ ਹਦਾਇਤ ਕੀਤੀ ਉੱਥੇ ਹੀ ਵਾਹਨਾਂ ਵਿੱਚ ਹੈਵੀ ਸਾਉਂਡ ਸਿਸਟਮ ਲਗਾਉਣ ਵਾਲਿਆਂ ਨੂੰ ਵੀ ਬਾਜ ਆਉਣ ਦੀ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਉੱਚੀ ਆਵਾਜ ਵਿਚ ਸਾਉਂਡ ਸਿਸਟਮ ਬਜਾਉਣ, ਪਰੈਸ਼ਰ ਹਾਰਨ ਅਤੇ ਵੀ.ਆਈ.ਪੀ. ਬੱਤੀਆਂ ਲਗਾਉਣਾ ਕਾਨੂੰਨੀ ਜੁਰਮ ਹੈ ਇਸ ਲਈ ਇਹਨਾਂ ਤੋਂ ਗੁਰੇਜ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਮੁਹਿਮ ਨੂੰ ਆਉਣ ਵਾਲੇ ਦਿਨਾਂ ‘ਚ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਐਸ.ਆਈ. ਗੁਰਜੀਤ ਸਿੰਘ, ਏ.ਐਸ.ਆਈ. ਬਲਵੀਰ ਸਿੰਘ, ਏ.ਐਸ.ਆਈ. ਹਰਦੀਪ ਸਿੰਘ, ਏ.ਐਸ.ਆਈ. ਨਾਜਰ ਸਿੰਘ, ਏ.ਐਸ.ਆਈ. ਅਮਰਜੀਤ ਸਿੰਘ, ਏ.ਐਸ.ਆਈ. ਜਗਦੀਸ਼ ਚੰਦਰ, ਹੌਲਦਾਰ ਅੰਜਨਾ ਕੁਮਾਰੀ ਅਤੇ ਅੰਮ੍ਰਿਤਪਾਲ ਕੌਰ ਆਦਿ ਹਾਜਰ ਸਨ।