ਫਗਵਾੜਾ, 25 ਨਵੰਬਰ
ਰੈਡ ਕਰਾਸ ਸੁਸਾਇਟੀ ਕਪੂਰਥਲਾ ਦੀ ਚੇਅਰਪਰਸਨ ਡਾ. ਪ੍ਰੀਤ ਕੰਵਲ ਨੇ ਕਿਹਾ ਹੈ ਕਿ ਰੈਡ ਕਰਾਸ ਵਲੋਂ ਲੋੜਵੰਦਾਂ ਦੀ ਮਦਦ ਲਈ ਯਤਨਾਂ ਨੂੰ ਹੋਰ ਤੇਜ ਕੀਤਾ ਜਾ ਰਿਹਾ ਹੈ ਤਾਂ ਜੋ ਰੈਡ ਕਰਾਸ ਦੀਆਂ ਲੋਕ ਭਲਾਈ ਵਾਲੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲੋਕ ਲਾਭ ਲੈ ਸਕਣ।
ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਮਰੀਜ਼ਾਂ ਨੂੰ 100 ਹਾਈਜਨ ਕਿੱਟਾਂ ਵੰਡਣ ਮੌਕੇ ਡਾ. ਪ੍ਰੀਤ ਕੰਵਲ ਨੇ ਕਿਹਾ ਕਿ ਇਸੇ ਲੜੀ ਤਹਿਤ ਪਹਿਲਾਂ ਕਪੂਰਥਲਾ ਦੇ ਹਸਪਤਾਲ ਵਿਖੇ ਹਾਈਜਨ ਕਿੱਟਾਂ ਵੰਡੀਆਂ ਗਈਆਂ ਸਨ ਅਤੇ ਅੱਜ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲੋੜਵੰਦਾਂ ਨੂੰ ਰੈੱਡ ਕਰਾਸ ਵਲੋਂ ਕਿੱਟਾ ਵੰਡੀਆਂ ਗਈਆਂ।
ਉਨ੍ਹਾਂ ਕਿਹਾ ਕਿ ਰੈੱਡ ਕਰਾਸ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾਂ ਅੱਗੇ ਆ ਕੇ ਮਦਦ ਮੁਹੱਈਆ ਕਰਵਾ ਰਿਹਾ ਹੈ, ਜਿਸ ਤਹਿਤ ਰੈਡ ਕਰਾਸ ਸੁਸਾਇਟੀ ਕਪੂਰਥਲਾ ਵਲੋਂ ਲੋੜਵੰਦਾਂ ਦੇ ਇਲਾਜ, ਵਿਦਿਆਰਥਣਾਂ ਦੀ ਪੜ੍ਹਾਈ, ਸਵੈ ਰੁਜਗਾਰ ਲਈ ਸਿਖਲਾਈ ਦੇਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਰੈਡ ਕਰਾਸ ਵਲੋਂ ਇਨ੍ਹਾਂ ਕਿੱਟਾਂ ਵਿਚ ਨਹਾਉਣ ਤੇ ਕੱਪੜੇ, ਧੋਣ ਵਾਲਾ ਸਾਬਣ, ਬੁਰਸ਼, ਟੁਥ ਪੇਸਟਾਂ, ਕੋਕੋਨਟ ਤੇਲ, ਨੈਪਕਿਨ, ਸੈਨੇਟਾਈਜ਼ਰ ਆਦਿ ਹਨ। ਇਸ ਮੌਕੇ ਐਸ.ਐਮ.ਓ. ਡਾ. ਕਮਲ ਕਿਸ਼ੋਰ , ਰੈਡ ਕਰਾਸ ਸੁਸਾਇਟੀ ਕਪੂਰਥਲਾ ਦੇ ਸਕੱਤਰ ਆਰ.ਸੀ. ਬਿਰਹਾ ਤੇ ਹੋਰ ਹਾਜ਼ਰ ਸਨ।