ਫਗਵਾੜਾ 24 ਸਤੰਬਰ
ਨੈਸ਼ਨਲ ਤਾਈਕਵਾਂਡੋ ਫੈਡਰੇਸ਼ਨ ਇੰਡੀਆ ਤੋਂ ਮਾਨਤਾ ਪ੍ਰਾਪਤ ਚੈਂਪ ਤਾਈਕਵਾਂਡੋ ਐਂਡ ਸਪੋਰਟਸ ਕਲੱਬ (ਰਜਿ.) ਵੱਲੋਂ ਫੈਡਰੇਸ਼ਨ ਕੱਪ 2022 ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਅੱਠ ਰਾਜਾਂ ਦੇ ਪੰਜ ਸੌ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਵੱਖ-ਵੱਖ ਵਰਗਾਂ ਵਿੱਚ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬ ਨੇ ਓਵਰਆਲ ਟਰਾਫੀ ਤੇ ਕਬਜਾ ਕੀਤਾ। ਹਰਿਆਣਾ ਨੇ ਦੂਸਰਾ ਅਤੇ ਦਿੱਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਦਘਾਟਨ ਦੀ ਰਸਮ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀ ਚੇਅਰਪਰਸਨ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ ਨੇ ਨਿਭਾਈ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਪਤਨੀ ਅਤੇ ਸਮਾਜ ਸੇਵਿਕਾ ਅਨੀਤਾ ਕੈਂਥ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਸਾਰੇ ਜੇਤੂ ਖਿਡਾਰੀਆਂ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਦੱਸਿਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪ੍ਰਤਿਭਾ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਇਹੀ ਕਾਰਨ ਹੈ ਕਿ ਓਲੰਪਿਕ ਤੋਂ ਲੈ ਕੇ ਰਾਸ਼ਟਰਮੰਡਲ ਖੇਡਾਂ ਤੱਕ ਭਾਰਤ ਦੇ ਖਿਡਾਰੀਆਂ ਦਾ ਡੰਕਾ ਵੱਜਣਾ ਸ਼ੁਰੂ ਹੋ ਗਿਆ ਹੈ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਭਾਰਤ ਦਾ ਪ੍ਰਦਰਸ਼ਨ ਪਹਿਲਾਂ ਦੇ ਮੁਕਾਬਲੇ ਕਾਫੀ ਸੁਧਰ ਰਿਹਾ ਹੈ। ਕਲੱਬ ਦੇ ਪ੍ਰਧਾਨ ਰਾਜਵੀਰ ਸਿੰਘ ਅਤੇ ਜਨਰਲ ਸਕੱਤਰ ਵਿਜੇ ਕੁਮਾਰ ਨੇ ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਫੈਡਰੇਸ਼ਨ ਕੱਪ ਵਿਚ ਜੂਨੀਅਰ, ਸਬ-ਜੂਨੀਅਰ ਅਤੇ ਓਪਨ ਵਰਗ ਦੇ ਮੁਕਾਬਲੇ ਕਰਵਾਏ ਗਏ। ਜੇਤੂ ਖਿਡਾਰੀਆਂ ਨੂੰ ਅਮਰੀਕਾ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਤਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਚੁਣੇ ਜਾਣ ਦਾ ਮੌਕਾ ਮਿਲੇਗਾ। ਇਸ ਮੌਕੇ ਡਾ: ਵਿਓਮਾ ਭੋਗਲ ਢੱਟ ਡਾਇਰੈਕਟਰ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ, ਸ਼੍ਰੀਮਤੀ ਨਵਨੀਤ ਭੋਗਲ ਕਾਲੜਾ ਕੋ-ਡਾਇਰੈਕਟਰ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ, ਸ਼੍ਰੀ ਮੁਕੇਸ਼ ਕਾਂਤ ਚੀਫ ਅਕਾਊਂਟੈਂਟ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ, ਸ਼੍ਰੀ ਰਾਜਕੁਮਾਰ ਮਹਾਜਨ ਦਫਤਰ ਸੁਪਰਡੈਂਟ ਰਾਮਗੜ੍ਹੀਆ ਪੋਲੀਟੈਕਨਿਕ ਕਾਲਜ, ਜਸਬੀਰ ਸਿੰਘ ਖਾਸਰੀਆ ਪਿ੍ਰੰਸੀਪਲ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ, ਤੋਂ ਇਲਾਵਾ ਸਾਬਕਾ ਮੇਅਰ ਅਰੁਣ ਖੋਸਲਾ, ਸਾਬਕਾ ਮਹਿਲਾ ਕੌਂਸਲਰ ਜਸਵਿੰਦਰ ਕੌਰ, ਮਨਿੰਦਰ ਸ਼ਿਵਪੁਰੀ, ਨਿਤਿਨ ਚੱਢਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।