ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਫਗਵਾੜਾ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ ਗਈ । ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਜੀ ਝੋਨੇ ਦੀ ਫਸਲ 121 ਨੂੰ ਬਹੁਤ ਜ਼ਿਆਦਾ ਭਿਆਨਕ ਬਿਮਾਰੀ ਪੈਣ ਕਾਰਨ ਝੋਨਾ ਸੁੱਕ ਗਿਆ ਹੈ। ਕਿਸਾਨਾਂ ਵੱਲੋਂ ਇਕ ਏਕੜ ਵਿਚ ਲਗਪਗ 5000 ਹਜਾਰ ਤੋਂ 10000 ਹਜ਼ਾਰ ਰੁਪਏ ਦੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵੀ ਕੀਤੀ ਗਈ। ਪਰ ਬਿਮਾਰੀ ਐਨੀ ਭਿਆਨਕ ਸੀ ਜਿਸ ਕਾਰਨ ਕੀਟਨਾਸ਼ਕਾਂ ਦਾ ਵੀ ਬਿਮਾਰੀ ਤੇ ਕੋਈ ਅਸਰ ਨਹੀਂ ਹੋਇਆ । ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਸਾਨਾ ਨੂੰ ਭਰੋਸਾ ਦਿਵਾਇਆ ਕਿ ਉਹ ਸੂਬਾ ਸਰਕਾਰ ਅਤੇ ਡੀ ਸੀ ਕਪੂਰਥਲਾ ਦੇ ਧਿਆਨ ਵਿੱਚ ਮਾਮਲਾ ਲਿਆਉਣਗੇ ਅਤੇ ਕਿਸਾਨਾਂ ਦੀ ਫਸਲ ਦੀ ਸਪੈਸ਼ਲ ਗਿਰਦਾਵਰੀ ਕਰਵਾਕੇ ਮੁਆਵਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪਹਿਲਾਂ ਹੀ ਕਰਜ਼ੇ ਚ ਡੁੱਬੇ ਕਿਸਾਨਾਂ ਉੱਪਰ ਨਵੀਂ ਮਾਰ ਝੋਨੇ ਦੀ ਫ਼ਸਲ 121 ਨੂੰ ਲੱਗੀ ਭਿਆਨਕ ਬਿਮਾਰੀ ਦੀ ਪਈ ਹੈ ਜਿਸ ਕਾਰਨ ਕਿਸਾਨਾਂ ਵਲੋਂ ਲਗਾਏ ਝੋਨੇ ਦੇ ਖੇਤਾਂ ਦੇ ਖੇਤ ਸੁੱਕ ਗਏ ਹਨ ।ਸਰਕਾਰੀ ਸਰਵੇ ਮੁਤਾਬਿਕ ਵਿਧਾਨ ਸਭਾ ਹਲਕਾ ਫਗਵਾੜਾ ਵਿੱਚ 170 ਹੈਕਟੇਅਰ ਦੇ ਕਰੀਬ ਕਿਸਾਨਾਂ ਵੱਲੋਂ ਬੀਜੇ ਝੋਨੇ ਦੀ ਫਸਲ ਬਰਬਾਦ ਹੋ ਚੁੱਕੀ ਹੈ।ਕਿਸਾਨ ਮਜਬੂਰ ਹੋ ਕੇ ਆਪਣੇ ਵੱਲੋਂ ਬੀਜੇ ਝੋਨੇ ਨੂੰ ਵਾਹੁਣ ਲੱਗ ਪਿਆ ਹੈ । ਉਨ੍ਹਾਂ ਵੱਲੋਂ ਡੀ ਸੀ ਕਪੂਰਥਲਾ ਵਿਸ਼ੇਸ਼ ਸਾਰੰਗਲ ਨੂੰ ਚਿੱਠੀ ਲਿਖ ਕੇ ਖ਼ਰਾਬ ਹੋਈ ਫਸਲ ਦੇ ਸਪੈਸ਼ਲ ਗਿਰਦਾਵਰੀ ਕਰਵਾਉਣ ਦੀ ਬੇਨਤੀ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਫਸਲ ਦਾ ਬਣਦਾ ਮੁਆਵਜ਼ਾ ਦਿਵਾਇਆ ਜਾ ਸਕੇ।ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਗੁਰਦਿਆਲ ਸਿੰਘ ਭੁੱਲਾਰਾਈ,ਸਰਪੰਚ ਨਿਰਮਲਜੀਤ ਸਿੰਘ, ਕੁਲਦੀਪ ਸਿੰਘ ਲੱਖਪੁਰ, ਜਰਨੈਲ ਸਿੰਘ ਸੰਗਤਪੁਰ, ਬਲਜੀਤ ਸਿੰਘ, ਜਤਿੰਦਰ ਸਿੰਘ, ਪ੍ਰਦੀਪ ਭਨੋਟ, ਸੰਜੀਵ ਕੁਮਾਰ, ਧਰਮਿੰਦਰ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।