ਫਗਵਾੜਾ 18 ਅਪ੍ਰੈਲ
ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 131ਵਾਂ ਜਨਮ ਦਿਹਾੜਾ ਸ੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ ਅਤੇ ਨੌਜਵਾਨ ਸਭਾ ਮੁਹੱਲਾ ਪ੍ਰੇਮਪੁਰਾ ਵਲੋਂ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਬੁਲਾਰੇ ਐਡਵੋਕੇਟ ਸੰਜੀਵ ਕੁਮਾਰ ਭੋਰਾ ਅਤੇ ਡਾ. ਐਸ. ਰਾਜਨ ਵਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਐਡਵੋਕੇਟ ਭੋਰਾ ਨੇ ਆਪਣੇ ਸੰਬੋਧਨ ਵਿਚ ਜੁੜ ਬੈਠੀ ਸੰਗਤ ਨੂੰ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਮਹਾਪੁਰਸ਼ਾਂ ਦੇ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜਰੂਰੀ ਹੈ। ਬਾਬਾ ਸਾਹਿਬ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਰ.ਐਸ.ਐਸ. ਤੇ ਭਾਜਪਾ ਡਾ. ਅੰਬੇਡਕਰ ਵਲੋਂ ਲਿਖੇ ਸੰਵਿਧਾਨ ਨੂੰ ਬਦਲਣ ਲਈ ਕੋਝੀਆਂ ਚਾਲਾਂ ਚਲ ਰਹੇ ਹਨ। ਸੰਵਿਧਾਨ ਦੀ ਰੱਖਿਆ ਲਈ ਮੂਲ ਨਿਵਾਸੀ ਬਹੁਜਨਾਂ ਨੂੰ ਇਕਜੁਟ ਹੋਣਾ ਪਵੇਗਾ। ਸਮਾਗਮ ਦੌਰਾਨ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਤੇ ਨਿਰਮਲ ਨਿੱਮਾ ਨੇ ਬਾਬਾ ਸਾਹਿਬ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਮਹਾਪੁਰਸ਼ਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਸਭਾ ਦੇ ਪ੍ਰਧਾਨ ਵਿਨੋਦ ਖੰਨਾ ਤੇ ਕੁਲਵਿੰਦਰ ਕਿੰਦਾ ਨੇ ਆਏ ਹੋਏ ਮਹਿਮਾਨਾਂ, ਕਲਾਕਾਰਾਂ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਬਸਪਾ ਦੇ ਯੂਥ ਆਗੂ ਨਰੇਸ਼ ਕੈਲੇ ਨੇ ਬੱਚਿਆਂ ਨੂੰ ਪੈਨ, ਪੈਨਸਿਲ ਤੇ ਕਾਪਿਆਂ ਵੰਡੀਆਂ। ਸਮਾਗਮ ਦੌਰਾਨ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਦੇ ਜੀਵਨ ਤੇ ਸੰਘਰਸ਼ ਨਾਲ ਸਬੰਧਤ ਕਿਤਾਬਾਂ ਵੀ ਵੰਡੀਆਂ ਗਈਆਂ। ਇਸ ਮੌਕੇ ਸਨੀ ਕੈਲੇ, ਜਸਵੀਰ ਬੰਗਾ, ਪੁਸ਼ਪਿੰਦਰ ਕੌਰ ਅਠੌਲੀ, ਸੁਨੀਲ ਨਿਗਾਹ, ਕ੍ਰਿਸ ਸੁੰਨੜ, ਬੀ.ਕੇ. ਰੱਤੂ, ਰਜਿੰਦਰ ਕੁਮਾਰ ਕਾਕਾ, ਕੁਲਦੀਪ ਸਿੰਘ, ਭੁਪਿੰਦਰ ਕੁਮਾਰ, ਰਾਜਕੁਮਾਰ, ਦਰਸ਼ਨ ਲਾਲ, ਸਰਬਜੀਤ ਸਾਬੀ, ਬਲਵੀਰ ਚੰਦ, ਬਬਲੂ, ਜੀਤਾ ਬੱਧਣ, ਹਰਦੀਪ ਕੁਮਾਰ, ਹਰਭਜਨ ਸਾਬਕਾ ਸਰਪੰਚ, ਬੰਟੀ ਮੋਰਾਂਵਾਲੀਆ, ਗੁਲਸ਼ਨ ਕੁਮਾਰ, ਕੁਲਦੀਪ ਬਾਲੂ, ਸੁਰਿੰਦਰ ਕੁਮਾਰ, ਲਵਪ੍ਰੀਤ ਬੋਬੀ, ਦੀਪਾ ਢੋੱਲੀ ਆਦਿ ਹਾਜਰ ਸਨ। ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ, ਕਲਾਕਾਰਾਂ ਤੇ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ।