ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਹਲਕਾ ਭਦੌੜ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਪੰਚਾਂ, ਸਰਪੰਚਾਂ ਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ। ਆਮ ਲੋਕਾਂ ਤੇ ਵਰਕਰਾਂ ਨੇ ਚਰਨਜੀਤ ਸਿੰਘ ਚੰਨੀ ਦਾ ਹਲਕਾ ਭਦੌੜ ਪੁੱਜਣ ‘ਤੇ ਧੰਨਵਾਦ ਕੀਤਾ।
ਇਸ ਮੌਕੇ ਜਦੋਂ CM ਚਰਨਜੀਤ ਸਿੰਘ ਚੰਨੀ ਤੋਂ ਸਵਾਲ ਕੀਤਾ ਗਿਆ ਕਿ ਸੂਬੇ ਵਿਚ ਕਿਸ ਦੀ ਸਰਕਾਰ ਬਣੇਗੀ, ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਈਵੀਐੱਮ ਮਸ਼ੀਨਾਂ ਖੁੱਲ੍ਹਣ ਤੋਂ ਬਾਅਦ ਹੀ ਨਤੀਜੇ ਸਾਹਮਣੇ ਆਉਣਗੇ।ਉਸ ਤੋਂ ਪਹਿਲਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ।

ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪਿੰਡ ਬੱਲੋ ਰੁਕੇ ਜਿਥੇ ਉਨ੍ਹਾਂ ਬੱਕਰੀ ਦੇ ਦੁੱਧ ਦੀਆਂ ਧਾਰਾਂ ਕੱਢੀਆਂ ਤੇ ਕਿਹਾ ਕਿ -ਮੈਂ ਬੜੀਆਂ ਧਾਰਾਂ ਕੱਢੀਆਂ ਨੇ, ਮੈਂ ਦੋਵਾਂ ਹੱਥਾਂ ਨਾਲ ਵੀ ਚੋ ਸਕਦਾ ਹਾਂ।
ਗੌਰਤਲਬ ਹੈ ਕਿ ਬੀਤੇ ਦਿਨੀਂ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆਏ ਹਨ ਜਿਸ ਮੁਤਾਬਕ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਆਸਾਰ ਦਿਖ ਰਹੇ ਹਨ ਤੇ ਉਸ ਨੂੰ 44 ਤੋਂ 100 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।