ਦੱਸ ਦੇਈਏ ਕਿ ਪੰਜਾਬੀ ਅਭਿਨੇਤਾ ਦੀਪ ਸਿੱਧੂ 15 ਫਰਵਰੀ ਦੀ ਸ਼ਾਮ ਨੂੰ ਰੀਨਾ ਰਾਏ ਉਰਫ ਰਾਜਵਿੰਦਰ ਕੌਰ ਨਾਲ ਸਕਾਰਪੀਓ ਵਿੱਚ ਕੇਐਮਪੀ ਰਾਹੀਂ ਦਿੱਲੀ ਤੋਂ ਪੰਜਾਬ ਜਾ ਰਿਹਾ ਸੀ। ਸੋਨੀਪਤ ਦੇ ਖਰਖੌਦਾ ‘ਚ ਪਿਪਲੀ ਟੋਲ ਨੇੜੇ ਉਸ ਦੀ ਕਾਰ ਇਕ ਟਰਾਲੇ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ‘ਚ ਦੀਪ ਦੀ ਮੌਤ ਹੋ ਗਈ, ਜਦਕਿ ਰੀਨਾ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ।
ਐਸਪੀ ਸੋਨੀਪਤ ਰਾਹੁਲ ਸ਼ਰਮਾ ਨੇ ਫਰਾਰ ਟਰਾਲਾ ਚਾਲਕ ਨੂੰ ਫੜਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਸੀ। ਖਰਖੌਦਾ ਪੁਲਿਸ ਨੇ ਵੀਰਵਾਰ ਸ਼ਾਮ ਫਰਾਰ ਡਰਾਈਵਰ ਕਾਸਿਮ ਖਾਨ ਵਾਸੀ ਪਿੰਡ ਸਿੰਗਾਰਾ, ਜ਼ਿਲਾ ਨੂਹ ਨੂੰ ਗ੍ਰਿਫਤਾਰ ਕਰ ਲਿਆ।
ਖਰਖੌਦਾ ਥਾਣੇ ਦੇ ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਕਾਸਿਮ ਖਾਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਮੰਨਿਆ ਕਿ ਉਸ ਨੇ ਅਚਾਨਕ ਟਰਾਲੇ ਦੀਆਂ ਬਰੇਕਾਂ ਲਗਾ ਦਿੱਤੀਆਂ ਸਨ, ਜਿਸ ਕਾਰਨ ਦੀਪ ਸਿੱਧੂ ਦੀ ਕਾਰ ਟਰਾਲੇ ਦੇ ਪਿੱਛੇ ਜਾ ਟਕਰਾਈ।
ਕਾਸਿਮ ਖਾਨ ਨੂੰ ਅਗਲੇ ਦਿਨ ਪਤਾ ਲੱਗਾ ਕਿ ਉਸ ਦੀ ਗੱਡੀ ਨਾਲ ਟਕਰਾ ਕੇ ਜਿਸ ਨੌਜਵਾਨ ਦੀ ਮੌਤ ਹੋਈ ਹੈ, ਉਹ ਕੋਈ ਆਮ ਨੌਜਵਾਨ ਨਹੀਂ ਸੀ, ਜਦਕਿ ਪੰਜਾਬੀ ਫ਼ਿਲਮਾਂ ਦਾ ਮਸ਼ਹੂਰ ਅਦਾਕਾਰ ਦੀਪ ਸਿੱਧੂ ਸੀ। ਉਨ੍ਹਾਂ ਦੀ ਮੌਤ ‘ਤੇ ਬਹੁਤ ਅਫਸੋਸ ਹੈ।
ਉਸ ਨੇ ਦੱਸਿਆ ਕਿ ਉਹ ਗੁਜਰਾਤ ਦੇ ਅਹਿਮਦਾਬਾਦ ਤੋਂ ਟਰਾਲੇ ਵਿੱਚ ਕੋਲਾ ਲੱਦ ਕੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜਾ ਰਿਹਾ ਸੀ। ਰਸਤੇ ‘ਚ ਕੇਐੱਮਪੀ ‘ਤੇ ਹਾਦਸਾ ਹੋ ਗਿਆ। ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਕਿਸੇ ਅਣਹੋਣੀ ਦੇ ਡਰੋਂ ਉਹ ਮੌਕੇ ਤੋਂ ਭੱਜ ਗਿਆ।
ਜ਼ਿਕਰਯੋਗ ਹੈ ਕਿ ਥਾਣਾ ਖਰਖੌਦਾ ਦੇ ਇੰਚਾਰਜ ਜਸਪਾਲ ਨੇ ਦੱਸਿਆ ਕਿ ਕਾਸਿਮ ਨੇ ਟਰਾਲੀ ਚਲਾਉਂਦੇ ਸਮੇਂ ਲਾਪਰਵਾਹੀ ਵਰਤੀ ਹੈ। ਪੁਲਿਸ ਉਸ ਨੂੰ ਸ਼ੁੱਕਰਵਾਰ ਦੁਪਹਿਰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਵੇਗੀ। ਕਾਸਿਮ ਤੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਲਈ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਹਾਦਸੇ ਸਬੰਧੀ ਦੀਪ ਸਿੱਧੂ ਦੇ ਭਰਾ ਮਨਦੀਪ ਦੀ ਸ਼ਿਕਾਇਤ ’ਤੇ ਟਰਾਲਾ ਚਾਲਕ ਖ਼ਿਲਾਫ਼ ਲਾਪਰਵਾਹੀ ਦਾ ਕੇਸ ਦਰਜ ਕਰ ਲਿਆ ਗਿਆ ਹੈ।