ਕਿਸਾਨ ਅੰਦੋਲਨ ਖਤਮ ਹੋ ਗਿਆ ਹੈ ਤੇ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ ਤੇ ਕਿਸਾਨਾਂ ਨੇ ਵੀ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ-ਹਰਿਆਣਾ ਵਿੱਚ ਲਗਭਗ ਇੱਕ ਸਾਲ ਤੋਂ ਬੰਦ ਪਏ ਟੋਲ ਪਲਾਜ਼ੇ ਹੁਣ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਮੁੜ ਤੋਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ। ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇਅ ’ਤੇ ਦੋ ਦਰਜਨ ਤੋਂ ਵੱਧ ਟੋਲ ਪਲਾਜ਼ਿਆਂ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਸ ਕਾਰਨ ਇੱਥੇ ਟੋਲ ਵਸੂਲੀ ਨਹੀਂ ਹੋ ਰਹੀ ਸੀ। ਹੁਣ ਕਿਸਾਨ ਅੰਦੋਲਨ ਖਤਮ ਹੋਣ ਦੇ ਨਾਲ ਹੀ ਕੰਪਨੀਆਂ ਨੇ ਟੋਲ ਪਲਾਜ਼ਾ ‘ਤੇ ਟੈਕਸ ਵਸੂਲਣ ਦੀ ਤਿਆਰੀ ਕਰ ਲਈ ਹੈ। 11 ਦਸੰਬਰ ਨੂੰ ਕਿਸਾਨਾਂ ਦੇ ਉਠਦਿਆਂ ਹੀ ਸ਼ਾਮ ਤੱਕ ਸਾਰੇ ਟੋਲ ਫੰਕਸ਼ਨਿੰਗ ਵਿਚ ਆ ਜਾਣਗੇ ਅਤੇ ਉਨ੍ਹਾਂ ‘ਤੇ ਟੋਲ ਲੱਗਣਾ ਸ਼ੁਰੂ ਹੋ ਜਾਵੇਗਾ। ਫਿਲਹਾਲ ਪੁਰਾਣੇ ਰੇਟ ‘ਤੇ ਹੀ ਟੋਲ ਲੱਗੇਗਾ ਪਰ ਪੂਰੀ ਸੰਭਾਵਨਾ ਹੈ ਕਿ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਟੋਲ ਪਲਾਜ਼ਾ ਦੇ ਰੇਟ ਵਧਾ ਸਕਦੀ ਹੈ। ਚੰਡੀਗੜ੍ਹ ਅਤੇ ਦਿੱਲੀ ਵਿਚਕਾਰ 4 ਟੋਲ ਪਲਾਜ਼ੇ ਹਨ। ਇਨ੍ਹਾਂ ਵਿੱਚ ਦੱਪਰ, ਘਰੌਂਡਾ (ਕਰਨਾਲ), ਪਾਣੀਪਤ ਅਤੇ ਮੁਰਥਲ ਵਿਖੇ ਟੋਲ ਪਲਾਜ਼ਾ ਹਨ। ਇੱਥੇ ਵਾਹਨ ਚਾਲਕਾਂ ਨੂੰ ਇੱਕ ਤਰਫਾ ਸਫ਼ਰ ‘ਤੇ ਦੋ ਸੌ ਤੋਂ 300 ਰੁਪਏ ਤੱਕ ਦਾ ਟੋਲ ਅਦਾ ਕਰਨਾ ਪਵੇਗਾ। ਅੰਮ੍ਰਿਤਸਰ ਅਤੇ ਦਿੱਲੀ ਵਿਚਕਾਰ 8 ਟੋਲ ਪਲਾਜ਼ੇ ਹਨ। ਢਿਲਵਾਂ, ਨਿੱਝਰਪੁਰਾ, ਲਾਡੋਵਾਲ, ਸ਼ੰਭੂ, ਘੜੌਂਦਾ (ਕਰਨਾਲ), ਪਾਣੀਪਤ ਅਤੇ ਮੁਰਥਲ ਵਿੱਚ ਕਾਰ ਚਾਲਕਾਂ ਨੂੰ ਇੱਕ ਤਰਫਾ ਯਾਤਰਾ ਲਈ ਲਗਭਗ 500 ਰੁਪਏ ਦਾ ਟੋਲ ਅਦਾ ਕਰਨਾ ਪਵੇਗਾ। ਇਸ ਦੇ ਨਾਲ ਹੀ ਕਾਰ ਚਾਲਕਾਂ ਨੂੰ 3 ਟੋਲ ਰੋਹਾੜ, ਮਦੀਨਾ ਕੋਰਸਾਂ ਅਤੇ ਰਾਮਾਇਣ ‘ਤੇ ਹਿਸਾਰ ਤੋਂ ਦਿੱਲੀ ਵਿਚਾਲੇ ਇਕ ਤਰਫਾ ਯਾਤਰਾ ਲਈ ਲਗਭਗ 205 ਰੁਪਏ ਦਾ ਟੋਲ ਅਦਾ ਕਰਨਾ ਹੋਵੇਗਾ। ਦੂਜੇ ਪਾਸੇ ਹਿਸਾਰ ਤੋਂ ਪਾਨੀਪਤ, ਡੇਹਰ ਅਤੇ ਰਾਮਾਇਣ ਵਿਚਕਾਰ 2 ਟੋਲ ਹਨ ਅਤੇ ਇੱਥੇ ਕਾਰ ਚਾਲਕਾਂ ਨੂੰ ਇਕ ਤਰਫਾ ਯਾਤਰਾ ਲਈ ਕਰੀਬ 175 ਰੁਪਏ ਦਾ ਟੋਲ ਦੇਣਾ ਪਵੇਗਾ।