ਫਗਵਾੜਾ 7 ਨਵੰਬਰ
ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵਲੋਂ ਪੈਟਰੋਲ ਦੀ ਕੀਮਤ ‘ਚ ਦੱਸ ਰੁਪਏ ਕਟੌਤੀ ਕਰਕੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਗਈ ਹੈ। ਇਹ ਗੱਲ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਹੀ। ਉਹਨਾਂ ਦੱਸਿਆ ਕਿ ਬੀਤੇ ਦਿਨ ਮੁੱਖ ਮੰਤਰੀ ਦੀ ਫਗਵਾੜਾ ਫੇਰੀ ਦੌਰਾਨ ਉਹਨਾਂ ਖਾਸ ਤੌਰ ਤੇ ਗੁਜਾਰਿਸ਼ ਕੀਤੀ ਸੀ ਕਿ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਚ ਕਟੌਤੀ ਕਰਕੇ ਜਨਤਾ ਨੂੰ ਰਾਹਤ ਦੇਣ ਦਾ ਯਤਨ ਕੀਤਾ ਜਾਵੇ ਜਿਸ ਨੂੰ ਮੁੱਖ ਮੰਤਰੀ ਨੇ ਕੈਬਿਨੇਟ ਵਿਚ ਵਿਚਾਰਨ ਦਾ ਭਰੋਸਾ ਦਿੱਤਾ ਸੀ ਅਤੇ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਨੇ ਕੇਂਦਰ ਸਮੇਤ ਭਾਜਪਾ ਸਰਕਾਰਾਂ ਵਾਲੇ ਸਾਰੇ ਸੂਬਿਆਂ ਤੋਂ ਵੱਧ ਕੀਮਤ ਘਟਾਈ ਹੈ ਜੋ ਕਿ ਚੰਨੀ ਸਰਕਾਰ ਵਲੋਂ ਲਿਆ ਗਿਆ ਇਕ ਹੋਰ ਕ੍ਰਾਂਤੀਕਾਰੀ ਫੈਸਲਾ ਹੈ। ਉਹਨਾਂ ਜਿੱਥੇ ਡੀਜਲ ਦੀ ਕੀਮਤ ਵਿਚ ਪੰਜ ਰੁਪਏ ਪ੍ਰਤੀ ਲੀਟਰ ਕਟੌਤੀ ਨੂੰ ਵੀ ਸ਼ਲਾਘਾਯੋਗ ਦੱਸਿਆ ਉੱਥੇ ਹੀ ਕਿਹਾ ਕਿ ਸਿਰਫ ਪੰਜਾਬ ਹੀ ਦੇਸ਼ ਵਿਚ ਹੁਣ ਅਜਿਹਾ ਸੂਬਾ ਹੈ ਜਿੱਥੇ ਪੈਟਰੋਲ ਦੀ ਕੀਮਤ ਸੌ ਰੁਪਏ ਪ੍ਰਤੀ ਲੀਟਰ ਤੋਂ ਹੇਠਾਂ ਹੈ। ਹਾਲਾਂਕਿ ਉਹਨਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਇਕ ਵਾਰ ਫਿਰ ਘੇਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਚ ਪੰਜਾਹ ਫੀਸਦੀ ਤੋਂ ਵੱਧ ਵਾਧਾ ਕੀਤਾ ਹੈ। ਇਸ ਲਈ ਕੇਂਦਰ ਵਲੋਂ ਕੀਤੀ ਗਈ ਮਾਮੂਲੀ ਕਟੌਤੀ ਬਿਲਕੁਲ ਵੀ ਜਾਇਜ ਨਹੀਂ ਹੈ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੈਟਰੋਲ ਨੂੰ ਅੱਸੀ ਰੁਪਏ ਤੋਂ ਹੇਠਾਂ ਅਤੇ ਡੀਜਲ ਦੀ ਕੀਮਤ ਨੂੰ ਸੱਤਰ ਰੁਪਏ ਤੋਂ ਹੇਠਾਂ ਲਿਆਉਣਾ ਯਕੀਨੀ ਬਣਾਏ। ਇਸ ਤੋਂ ਇਲਾਵਾ ਰਸੋਈ ਗੈਸ ਦੀ ਕੀਮਤ ਵਿਚ ਵੀ 30 ਤੋਂ 40 ਫੀਸਦੀ ਦੀ ਕਟੌਤੀ ਕੀਤੀ ਜਾਵੇ।