ਇੰਟਰਨੈੱਟ (Internet) ਦਾ ਇਸਤੇਮਾਲ ਜੇਕਰ ਸਹੀ ਢੰਗ ਨਾਲ ਕੀਤਾ ਜਾਵੇ, ਤਾਂ ਇਹ ਸਾਡੇ ਲਈ ਵਰਦਾਨ ਬਣ ਸਕਦਾ ਹੈ। ਇਸ ਦੇ ਇਸਤੇਮਾਲ ‘ਤੇ ਸਾਡਾ ਭਵਿੱਖ ਨਿਰਭਰ ਕਰਦਾ ਹੈ। ਉੱਧਰ ਹੀ ਜੇਕਰ ਗੱਲ ਸੋਸ਼ਲ ਮੀਡੀਆ ਦੀ ਕੀਤੀ ਜਾਏ ਤਾਂ ਸੋਸ਼ਲ ਮੀਡੀਆ ਨੇ ਪੂਰੀ ਦੁਨੀਆ ਨੂੰ ਇੱਕ ਕਰ ਦਿੱਤਾ ਹੈ। ਹਰ ਦਿਨ ਸੋਸ਼ਲ ਮੀਡੀਆ ‘ਤੇ ਸਮਾਜਿਕ ਮੁੱਦਿਆਂ ਨੂੰ ਲੈਕੇ ਤਰ੍ਹਾਂ ਤਰ੍ਹਾਂ ਦੇ ਗਰੁੱਪ ਬਣਦੇ ਰਹਿੰਦੇ ਹਨ। ਇਸੇ ਤਰ੍ਹਾਂ ਦਾ ਇੱਕ ਗਰੁੱਪ ਵਟ੍ਹਸਐਪ ‘ਤੇ ਵੀ ਬਣਾਇਆ ਗਿਆ ਸੀ। ਪਰ ਇੱਥੇ ਜਿਸ ਵਿਸ਼ੇ ‘ਤੇ ਚਰਚਾ ਹੁੰਦੀ ਸੀ, ਉਸ ਬਾਰੇ ਜਾਣ ਕੇ ਤੁਹਾਡੇ ਪੈਰਾਂ ਥੱਲੋਂ ਵੀ ਜ਼ਮੀਨ ਨਿੱਕਲ ਜਾਵੇਗੀ।
ਇੰਗਲੈਂਡ ਦੇ ਪੋਰਟਸਮੈਨ ‘ਚ ਵਟ੍ਹਸਐਪ ‘ਤੇ ਇੱਕ ਸੁਸਾਈਡ ਗਰੁੱਪ ਬਣਾਇਆ ਗਿਆ, ਜਿਸ ‘ਤੇ ਹਰ ਰੋਜ਼ ਖ਼ੁਦਕੁਸ਼ੀ ਕਰਨ ਦੇ ਵੱਖੋ-ਵੱਖ ਬੇਹਤਰੀਨ ਤਰੀਕਿਆਂ ‘ਤੇ ਚਰਚਾ ਹੁੰਦੀ ਸੀ। ਇਸ ਗਰੁੱਪ ‘ਚ ਸ਼ਾਮਲ 4 ਵਿਅਕਤੀ ਖ਼ੁਦਕੁਸ਼ੀ ਕਰ ਚੁੱਕੇ ਹਨ। ਇਹ ਮਾਮਲਾ ਪੂਰੇ ਇੰਗਲੈਂਡ ‘ਚ ਮਸ਼ਹੂਰ ਰਿਹਾ ਹੈ, ਜਿਸ ਤੋਂ ਬਾਅਦ ਹਰ ਕੋਈ ਦਹਿਸ਼ਤ ਵਿੱਚ ਹੈ ਕਿ ਆਖ਼ਰ ਵਟ੍ਹਸਐਪ ‘ਤੇ ਕੋਈ ਅਜਿਹਾ ਵੀ ਗਰੁੱਪ ਹੋ ਸਕਦਾ ਹੈ, ਜੋ ਲੋਕਾਂ ਨੂੰ ਆਪਣੀ ਜਾਨ ਲੈਣ ਦੇ ਨਵੇਂ ਤਰੀਕੇ ਦੱਸਦਾ ਹੈ।
ਜਾਣਕਾਰੀ ਦੇ ਮੁਤਾਬਕ 20 ਸਾਲ ਦੀ ਐਮੀ ਸਪਰਿੰਗਰ ਨਾਂਅ ਦੀ ਕੁੜੀ ਦੀ ਲਾਸ਼ ਪੁਲਿਸ ਨੂੰ ਬਰਾਮਦ ਹੋਈ। ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਇੱਕ ਤੋਂ ਬਾਅਦ ਇੱਕ ਅਜੀਬੋ ਗ਼ਰੀਬ ਘਟਨਾਵਾਂ ਸਾਹਮਣੇ ਆਈਆਂ। ਉਨ੍ਹਾਂ ਨੂੰ ਇਸ ਕੇਸ ਨਾਲ ਜੁੜਿਆ ਇੱਕ ਵਟ੍ਹਸਐਪ ਗਰੁੱਪ ਵੀ ਮਿਲਿਆ, ਜਿਸ ਨੂੰ ਐਮੀ ਨੇ ਵੀ ਜੁਆਇਨ ਕੀਤਾ ਹੋਇਆ ਸੀ। ਇਸ ਗਰੁੱਪ ਵਿੱਚ ਆਤਮ ਹੱਤਿਆ ਦੇ ਤਰੀਕਿਆਂ ਨੂੰ ਲੈ ਕੇ ਚਰਚਾ ਹੋ ਰਹੀ ਸੀ।
ਪੁਲਿਸ ਨੂੰ ਐਮੀ ਸਪਰਿੰਗਟ ਤੋਂ ਇਲਾਵਾ 3 ਹੋਰ ਵਿਅਕਤੀਆਂ ਦੀ ਲਾਸ਼ ਮਿਲੀ ਸੀ। ਜਦੋਂ ਲਾਸ਼ਾਂ ਦੀ ਜਾਂਚ ਕੀਤੀ ਗਈ ਤਾਂ ਹੋਰ ਵੀ ਅਜੀਬ ਗੱਲ ਸਾਹਮਣੇ ਆਈ। ਪੁਲਿਸ ਨੂੰ ਪਤਾ ਲੱਗਿਆ ਕਿ ਐਮੀ ਦੀ ਤਰ੍ਹਾਂ ਇਹ ਤਿੰਨੇ ਵੀ ਉਸੇ ਸੁਸਾਈਡ ਗਰੁੱਪ ਵਿੱਚ ਸ਼ਾਮਲ ਸਨ। ਐਮੀ ਸਪਰਿੰਗਰ ਦੇ ਨਾਲ ਨਾਲ ਇੰਨਾਂ ਲੋਕਾਂ ਨੇ ਵੀ ਗਰੁੱਪ ਵਿੱਚ ਸੁਸਾਈਡ ਦੇ ਤਰੀਕਿਆਂ ‘ਤੇ ਚਰਚਾ ਕੀਤੀ ਸੀ। ਇਸ ਤੋਂ ਬਾਅਦ ਇਨ੍ਹਾਂ ਦੇ ਮਰਨ ਦੀ ਸੂਚਨਾ ਪੁਲਿਸ ਨੂੰ ਮਿਲੀ। ਸਾਰੀਆਂ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਦੇ ਤਾਰ ਜੁੜੇ ਦੇਖ ਕੇ ਪੁਲਿਸ ਵੀ ਹੈਰਾਨ ਪਰੇਸ਼ਾਨ ਹੈ। ਮਰਨ ਵਾਲੇ ਸਾਰੇ ਲੋਕਾਂ ਨੇ ਆਤਮ ਹੱਤਿਆ ਕੀਤੀ ਅਤੇ ਇਸ ਨਾਲ ਜੁੜੇ ਹੋਏ ਤਰੀਕਿਆਂ ‘ਤੇ ਪਹਿਲਾਂ ਗਰੁੱਪ ਵਿੱਚ ਚਰਚਾ ਵੀ ਹੋ ਚੁੱਕੀ ਸੀ।
ਇੰਗਲੈਂਡ ਦੇ ਅਖ਼ਬਾਰ ‘ਦ ਸਨ’ ਦੀ ਰਿਪੋਰਟ ਦੇ ਮੁਤਾਬਕ ਪੁਲਿਸ ਨੂੰ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਲੰਮੇ ਸਮੇਂ ਤੋਂ ਹੀ ਐਮੀ ਤਣਾਅ ਦੀ ਸ਼ਿਕਾਰ ਸੀ। ਸਾਲ 2020 ‘ਚ ਉਹ 15 ਵਾਰ ਆਪਣੇ ਘਰ ਤੋਂ ਗ਼ਾਇਬ ਹੋਈ ਸੀ, ਜਦਕਿ ਸਾਲ 2021 ‘ਚ ਉਹ 3 ਵਾਰ ਆਪਣੇ ਘਰ ‘ਚ ਕਿਸੇ ਨੂੰ ਦੱਸੇ ਬਿਨਾਂ ਕਿਤੇ ਚਲੀ ਗਈ ਸੀ। ਉਸ ਨੇ ਕਈ ਵਾਰ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਬਚਪਨ ਵਿਚ ਹੀ ਉਸ ਦੇ ਛੋਟੇ ਭਰਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਪਰਿਵਾਰ ਦੀ ਹਾਲਤ ਖ਼ਰਾਬ ਹੋਈ ਕਿ ਉਹ ਤਣਾਅ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਪਣੀ ਮੌਤ ਤੋਂ ਕੁੱਝ ਹਫ਼ਤੇ ਪਹਿਲਾਂ ਹੀ ਉਸ ਨੇ ਕਿਹਾ ਸੀ ਕਿ ਹੁਣ ਉਹ ਆਪਣੀ ਸਿਹਤ ਵਿੱਚ ਕਾਫ਼ੀ ਸੁਧਾਰ ਮਹਿਸੂਸ ਕਰਦੀ ਹੈ, ਪਰ ਫ਼ਿਰ ਇਸ ਵਟ੍ਹਸਐਪ ਗਰੁੱਪ ਨਾਲ ਜੁੜਨ ਤੋਂ ਉਸ ਨੇ ਖ਼ੁਦਕੁਸ਼ੀ ਕਰ ਲਈ।