ਕਪੂਰਥਲਾ 24 ਸਤੰਬਰ:- ਭਗੌੜੇ ਅਪਰਾਧੀਆਂ ਦੇ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਕਪੂਰਥਲਾ ਪੁਲਿਸ ਨੇ ਇੱਕ ਦਿੱਲੀ ਦੇ ਭਗੌੜੇ ਜੋੜੇ ਨੂੰ ਰੇਲ ਵਿੱਚ ਸਫਰ ਕਰਦੇ ਸਮੇਂ ਟ੍ਰੈਕ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਜੋ ਸਾਲ 2019 ਤੋਂ 5 ਕਿਲੋ ਹੈਰੋਇਨ ਸਪਲਾਈ ਦੇ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦਾ ਸੀ।
ਗ੍ਰਿਫਤਾਰ ਕੀਤੇ ਗਏ ਜੋੜੇ ਦੀ ਪਛਾਣ ਦੀਪਕ ਕੁਮਾਰ ਵਾਸੀ ਜੇ 17/ਬੀ ਬੇਰੀ ਵਾਲਾ ਬਾਗ ਗਲੀ ਨੰਬਰ -2, ਹਰੀ ਨਗਰ, ਮਾਇਆਪੁਰੀ, ਦਿੱਲੀ ਅਤੇ ਉਸਦੀ ਪਤਨੀ ਪ੍ਰੀਤੀ ਵਜੋਂ ਹੋਈ ਹੈ।
ਇੱਕ ਪ੍ਰੈਸ ਰਿਲੀਜ਼ ਵਿੱਚ ਵੇਰਵੇ ਦਿੰਦਿਆਂ, ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜ਼ਿਲੇ ਵਿੱਚ ਅਦਾਲਤਾਂ ਵਲੋਂ ਘੋਸ਼ਿਤ ਕੀਤੇ ਗਏ ਅਪਰਾਧੀਆਂ ਅਤੇ ਖਾਸ ਕਰਕੇ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਦੇ ਭਗੌੜੇ ਅਪਰਾਧੀਆਂ (ਵੱਡੀ ਮੱਛੀਆਂ) ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਐਸਐਸਪੀ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਦੀਆਂ ਟੀਮਾਂ ਨੂੰ ਦਿੱਲੀ ਤੋਂ ਪੰਜਾਬ ਵੱਲ ਆ ਰਹੀ ਟ੍ਰੇਨ ਵਿੱਚ ਸਫ਼ਰ ਕਰਨ ਵਾਲੇ ਜੋੜੇ ਦੇ ਬਾਰੇ ਵਿੱਚ ਇੱਕ ਸੂਹ ਮਿਲੀ ਅਤੇ ਜਿਸ ਤੇ ਤੁਰੰਤ ਕਾਰਵਾਈ ਕਰਦੇ ਉਨ੍ਹਾਂ ਨੂੰ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਕੋਲ ਟ੍ਰੈਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਟ੍ਰੇਨ ਤੋਂ ਫੜ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਜੋੜਾ ਕਪੂਰਥਲਾ ਪੁਲਿਸ ਨੂੰ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਦੇ ਤਹਿਤ ਥਾਣਾ ਸਦਰ ਕਪੂਰਥਲਾ ਵਿੱਚ ਦਰਜ ਕੀਤੇ ਗਏ ਕੇਸ ਨੰਬਰ 126 ਮਿਤੀ 1 ਅਗਸਤ 2019 ਵਿੱਚ ਲੋੜੀਂਦਾ ਸੀ, ਜਿਸ ਵਿੱਚ ਦੋਸ਼ੀ ਤੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਅਦਾਲਤ ਦੁਆਰਾ ਅਪਰਾਧੀ ਜੋੜੇ ਨੂੰ ਭਗੌੜੇ ਘੋਸ਼ਿਤ ਕਰਾਰ ਦਿੱਤਾ ਗਿਆ ਸੀ।
ਐਸਐਸਪੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਜੋੜੇ ਨੇ ਖੁਲਾਸਾ ਕੀਤਾ ਕਿ ਉਹ ਹੈਰੋਇਨ ਦੀ ਖੇਪ ਦੇਣ ਜਾ ਰਹੇ ਸਨ ਜੋ ਕਿ ਇੱਕ ਬੈਗ ਵਿੱਚ ਛੁਪੀ ਹੋਈ ਸੀ ਅਤੇ ਉਹ ਟ੍ਰੇਨ ਵਿੱਚ ਆਪਣੀ ਸੀਟ ਦੇ ਹੇਠਾਂ ਛੱਡ ਆਏ ਸਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕਰਨ ਵਾਲੀ ਟੀਮ ਨੂੰ ਉਸ ਸਮੇਂ ਬੈਗ ਬਾਰੇ ਜਾਣਕਾਰੀ ਨਹੀਂ ਸੀ।
ਐਸਐਸਪੀ ਨੇ ਅੱਗੇ ਦੱਸਿਆ ਕਿ ਇਹ ਬੈਗ ਬਾਅਦ ਵਿੱਚ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਰੇਲਵੇ ਪੁਲਿਸ ਪਾਰਟੀ ਦੁਆਰਾ ਏਸੀ ਕੰਪਾਰਟਮੈਂਟ ਏ 1 ਵਿੱਚ ਸੀਟ ਨੰਬਰ 21,22 ਦੇ ਹੇਠ ਲਾਵਾਰਿਸ ਪਿਆ ਬਰਾਮਦ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਜੀਆਰਪੀ ਪੁਲਿਸ ਸਟੇਸ਼ਨ ਪਠਾਨਕੋਟ ਵਿਖੇ ਧਾਰਾ 21 ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਨੰਬਰ 32 ਮਿਤੀ 23.09.2021 ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਪੂਰਥਲਾ ਪੁਲਿਸ ਨੇ ਉਨ੍ਹਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਹੈ ਤਾਂ ਜੋ ਨਸ਼ਾ ਸਪਲਾਈ ਦੀ ਸਮੁੱਚੀ ਲੜੀ ਦਾ ਪਰਦਾਫਾਸ਼ ਕੀਤਾ ਜਾ ਸਕੇ ਅਤੇ ਇਸ ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।