ਚੰਡੀਗੜ੍ਹ: ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਦੇ ਵਿਧਾਇਕਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਮਤੇ ’ਤੇ ਲਏ ਫੈਸਲੇ ਅਨੁਸਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ, ਜੋ ਕੱਲ੍ਹ 20 ਸਤੰਬਰ ਨੂੰ ਸਵੇਰੇ 11.00 ਵਜੇ ਸਹੁੰ ਚੁੱਕਣਗੇ। ਇਹ ਜਾਣਕਾਰੀ ਖੁਦ ਚੰਨੀ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦਿੱਤੀ ਹੈ। ਫੌਰੀ ਤੌਰ ’ਤੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮੁੱਖ ਮੰਤਰੀ ਦੇ ਨਾਲ ਕਿੰਨੇ ਮੰਤਰੀ ਸਹੁੰ ਚੁੱਕਣਗੇ।
ਇਸ ਮੌਕੇ ਕਾਂਗਰਸ ਹਾਈਕਮਾਨ ਵੱਲੋਂ ਭੇਜੇ ਗਏ ਆਬਜ਼ਰਵਰ, ਨਵਜੋਤ ਸਿੰਘ ਸਿੱਧੂ, ਬਲਬੀਰ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਕੀਰਤ ਕੋਟਲੀ ਅਤੇ ਚਰਨਜੀਤ ਚੰਨੀ ਦੇ ਪਰਿਵਾਰਕ ਮੈਂਬਰ ਆਦਿ ਦੇ ਪੁੱਜਣ ਬਾਰੇ ਦੱਸਿਆ ਗਿਆ ਹੈ।