ਜਲੰਧਰ ‘ਚ ਖਰਾਬ ਮੌਸਮ ਕਾਰਨ ਸੂਰਿਆ ਕਿਰਨ ਟੀਮ ਵੱਲੋਂ ਏਅਰ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਏਅਰ ਸ਼ੋਅ ਦੇਖਣ ਆਏ ਦਰਸ਼ਕਾਂ ਵਿੱਚ ਭਾਰੀ ਨਿਰਾਸ਼ਾ ਹੈ। ਖਰਾਬ ਮੌਸਮ ਦੇ ਕਾਰਨ ਲੜਾਕੂ ਜਹਾਜ਼ਾਂ ਦੇ ਪਾਇਲਟ ਇੱਕ ਦੂਜੇ ਨਾਲ ਗੱਲਬਾਤ ਕਰਨ ਵਿੱਚ ਅਸਮਰੱਥ ਸਨ, ਜਿਸ ਕਾਰਨ ਏਅਰ ਸ਼ੋਅ ਨੂੰ ਰੱਦ ਕਰਨਾ ਪਿਆ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਵੀ ਜਲੰਧਰ ਵਿੱਚ ਇੱਕ ਏਅਰ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ। ਆਉਣ ਵਾਲੇ ਦਿਨਾਂ ਵਿੱਚ ਟੀਮ 23 ਅਤੇ 24 ਸਤੰਬਰ ਨੂੰ ਚੰਡੀਗੜ੍ਹ ਦੀ ਸੁਖਨਾ ਝੀਲ ਉੱਤੇ ਪ੍ਰਦਰਸ਼ਨ ਕਰੇਗੀ।

ਏਅਰ ਸ਼ੋਅ ਦੇਖਣ ਲਈ ਜਲੰਧਰ ਸਮੇਤ ਦੂਰੋਂ-ਦੂਰੋਂ ਵੱਡੀ ਗਿਣਤੀ ਵਿਚ ਦਰਸ਼ਕ ਪਹੁੰਚੇ ਸਨ। ਅੱਜ ਅਸਮਾਨ ਵਿਚ ਦਿੱਸਣ ਵਾਲੇ ਇਨ੍ਹਾਂ ਕਰਤਬਾਂ ਦੀ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਦੇਸ਼ ਵਿਜੇ ਦਿਵਸ ਮਨਾ ਰਿਹਾ ਹੈ। ਇਹ ਪਾਕਿਸਤਾਨ ’ਤੇ ਦੇਸ਼ ਦੀ 1971 ਦੀ ਜੰਗ ਦਾ 50ਵਾਂ ਸਾਲ ਹੈ।

ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਹਵਾਈ ਫ਼ੌਜ ਦੀ ਸੂਰਿਆ ਕਿਰਨ ਏਅਰੋਬੈਟਿਕ ਟੀਮ ਆਪਣਾ ਪ੍ਰਦਰਸ਼ਨ ਵਿਖਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਸੈਨਾ ਦੀ ਸੂਰਿਆ ਕਿਰਨ ਏਰੋਬੈਟਿਕਸ ਟੀਮ 1971 ਦੇ ਭਾਰਤ-ਪਾਕਿ ਯੁੱਧ ਦੀ ਡਾਇਮੰਡ ਜੁਬਲੀ ਦੀ ਯਾਦ ਵਿੱਚ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਏਅਰ ਸ਼ੋਅ ਡਿਸਪਲੇਅ ਦੇ ਰਹੀ ਹੈ।

ਲੋਕ ਸਵੇਰ ਤੋਂ ਹੀ ਬੱਚਿਆਂ ਦੇ ਨਾਲ ਏਅਰ ਸ਼ੋਅ ਦੇਖਣ ਲਈ ਪਹੁੰਚੇ ਹੋਏ ਸਨ। ਪਹਿਲਾਂ ਤਾਂ ਪ੍ਰੋਗਰਾਮ ਵਿਚ 20 ਮਿੰਟਾਂ ਲਈ ਦੇਰੀ ਕੀਤੀ ਗਈ ਸੀ ਪਰ ਮੌਸਮ ਵਿਚ ਖਰਾਬੀ ਕਾਰਨ ਆਖਿਰ ਇਸ ਨੂੰ ਰੱਦ ਕਰਨਾ ਪਿਆ। ਏਅਰ ਸ਼ੋਅ ਰੱਦ ਹੋਣ ਕਾਰਨ ਲੋਕ ਨਿਰਾਸ਼ ਹੋ ਕੇ ਘਰਾਂ ਨੂੰ ਪਰਤ ਗਏ।