ਕਪੂਰਥਲਾ, 31 ਅਗਸਤ
ਪੰਜਾਬ ਸਰਕਾਰ ਵਲੋਂ ਸਮਾਜ ਦੇ ਲੋੜਵੰਦ ਲੋਕਾਂ ਨੂੰ ਪੈਨਸ਼ਨ ਯੋਜਨਾ ਤਹਿਤ ਜੁਲਾਈ 2021 ਤੋਂ ਦੁੱਗਣੀ ਪੈੈਨਸ਼ਨ ਦਿੱਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਕਪੂਰਥਲਾ ਜਿਲ੍ਹੇ ਅੰਦਰ ਵੀ ਲਾਭਪਾਤਰੀਆਂ ਨੂੰ ਇਸਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ।
ਦੁੱਗਣੀ ਹੋਈ ਪੈਨਸ਼ਨ ਨਾਲ ਜਿਲ੍ਹੇ ਅੰਦਰ ਜੂਨ ਮਹੀਨੇ ਨਾਲੋਂ 5 ਕਰੋੜ 61 ਲੱਖ ਰੁਪੈ ਜਿਆਦਾ ਪੈਨਸ਼ਨ ਦੇ ਰੂਪ ਵਿਚ ਲਾਭਪਾਤਰੀਆਂ ਨੂੰ ਮਿਲੇ ਹਨ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਤੇ ਹੋਰਨਾਂ ਵਲੋਂ ਅੱਜ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਧੀ ਹੋਈ ਪੈਨਸ਼ਨ ਪ੍ਰਦਾਨ ਕਰਨ ਸਬੰਧੀ ਕੀਤੇ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਸ਼ਿਰਕਤ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਮੂਹ ਪੈਨਸ਼ਨਰਾਂ ਜਿਨ੍ਹਾਂ ਵਿਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਬੱਚਿਆਂ ਤੇ ਦਿਵਿਆਂਗ ਵਿਅਕਤੀਆਂ ਨੂੰ ਪ੍ਰਤੀ ਮਹੀਨਾ 750 ਰੁਪੈ ਤੋਂ ਵਧਾਕੇ ਪੈਨਸ਼ਨ 1500 ਰੁਪੈ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜੁਲਾਈ 2021 ਮਹੀਨੇ ਦੌਰਾਨ ਜਿਲ੍ਹੇ ਦੇ 71547 ਲਾਭਪਾਤਰੀਆਂ ਨੂੰ 10 ਕਰੋੜ 73 ਲੱਖ ਰੁਪੈ ਦੀ ਪੈਨਸ਼ਨ ਜਾਰੀ ਕੀਤੀ ਗਈ, ਜਦਕਿ ਜੂਨ 2021 ਮਹੀਨੇ ਦੌਰਾਨ 68294 ਲਾਭਪਾਤਰੀਆਂ ਨੂੰ 750 ਰੁਪੈ ਪ੍ਰਤੀ ਮਹੀਨੇ ਦੇ ਹਿਸਾਬ ਨਾਲ 5 ਕਰੋੜ 12 ਲੱਖ ਰੁਪੈ ਪੈਨਸ਼ਨ ਦੇ ਤੌਰ ’ਤੇ ਜਾਰੀ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਨਾ ਕੇਵਲ ਲਾਭਪਾਤਰੀਆਂ ਦੀ ਗਿਣਤੀ ਵਿਚ 3253 ਲਾਭਪਾਤਰੀਆਂ ਦਾ ਵਾਧਾ ਹੋਇਆ ਬਲਕਿ ਪੈਨਸ਼ਨ ਦੁੱਗਣੀ ਹੋਣ ਨਾਲ ਪ੍ਰਤੀ ਮਹੀਨਾ 5 ਕਰੋੜ 61ਲੱਖ ਰੁਪੈ ਵਾਧੂ ਲਾਭਪਾਤਰੀਆਂ ਨੂੰ ਜਾਰੀ ਕੀਤੇ ਗਏ ਹਨ।
ਵਧੀ ਪੈਨਸ਼ਨ ਲਾਭਪਾਤਰੀਆਂ ਨੂੰ ਪ੍ਰਦਾਨ ਕਰਨ ਜਿਲ੍ਹੇ ਵਿਚ ਸਿਧਵਾਂ ਦੋਨਾ, ਕਾਲਾਸੰਘਿਆਂ, ਬੂਟ, ਡਡਵਿੰਡੀ, ਤਲਵੰਡੀ ਚੌੌਧਰੀਆਂ, ਫੱਤੂਢੀਂਗਾ, ਰਾਮਗੜ੍ਹ, ਨੰਗਲ ਲੁਬਾਣਾ, ਧਾਲੀਵਾਲ ਬੇਟ, ਹਰਸੰਬਪੁਰ ਤੇ ਨੰਗਲ ਮੱਝਾ ਵਿਖੇ ਵੀ ਸਮਾਗਮ ਹੋਏ। ਇਨ੍ਹਾਂ ਸਾਰੇ ਥਾਵਾਂ ’ਤੇ ਦੁੱਗਣੀ ਪੈਨਸ਼ਨ ਦੇ ਚੈਕ ਲਾਭਪਾਤਰੀਆਂ ਨੂੰ ਸੌਪੇ ਗਏ ਅਤੇ ਸਮਾਗਮ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।
ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਬਰਿੰਦਰ ਕੁਮਾਰ ਨੇ ਦੱਸਿਆ ਕਿ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਹਿਲੀ ਸਤੰਬਰ 2021 ਨੂੰ ਵਧੀ ਹੋਈ ਪੈਨਸ਼ਨ ਭੇਜ ਦਿੱਤੀ ਜਾਵੇਗੀ।
ਇਸ ਮੌਕੇ ਬਲਾਕ ਕਾਂਗਰਸ ਦੇ ਪਰਧਾਨ ਅਮਰਜੀਤ ਸਿੰਘ ਸੈਦੋਵਾਲ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਬਿਸ਼ਨਪੁਰ , ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਸਨੇਹ ਲਤਾ ਤੇ ਹੋਰ ਹਾਜ਼ਰ ਸਨ।