ਫਗਵਾੜਾ, 24 ਅਗਸਤ
ਪੰਜਾਬ ਯੰਗ ਪੀਸ ਕੌਂਸਲ ਵੱਲੋਂ ਫਗਵਾੜਾ ਦੇ ਪੁਲਿਸ ਕੰਪਲੈਕਸ ਵਿਖੇ ਥਾਣਾ ਸਦਰ ਦੇ ਬਾਹਰ ਬਣਾਏ ਗਏ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਸਬੰਧ ਵਿਚ ਸਥਾਪਿਤ ‘ਬਾਬੇ ਨਾਨਕ ਦਾ ਪਿਆਉ ਅਤੇ ਪਬਲਿਕ ਰੈਸਟ ਰੂਮ’ ਦਾ ਉਦਘਾਟਨ ਐਸ.ਐਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਫਗਵਾੜਾ ਪੁੱਜੇ। ਇਸ ਮੌਕੇ ਪੰਜਾਬ ਯੰਗ ਪੀਸ ਕੌਂਸਲ ਦੀ ਮੈਂਬਰ ਕੰਚਨ ਬਾਲਾ (ਬੀਏ ਐਲਐਲਬੀ) ਨੇ ਉਨ੍ਹਾਂ ਦੇ ਰੱਖੜੀ ਬੰਨੀ ਅਤੇ ਅਸ਼ੀਰਵਾਦ ਲਿਆ। ਇਸ ਮੌਕੇ ਕੰਚਨ ਬਾਲਾ ਨੇ ਤੋਹਫ਼ੇ ਵਿਚ ਸ.ਖੱਖ ਕੋਲੋਂ ਨਸ਼ੇ ਦੇ ਖ਼ਿਲਾਫ਼ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਜੰਗ ਤੇਜ਼ ਕਰਨ ਦਾ ਵਚਨ ਮੰਗਿਆ। ਉਸ ਨੇ ਇੱਕ ਰੰਗਦਾਰ ਮੰਗ ਪੱਤਰ ਸ.ਖੱਖ ਨੂੰ ਭੇਂਟ ਕਰ ਵਚਨ ਮੰਗਿਆ ਜਿਸ ਵਿਚ ਉਸ ਨੇ ਮੰਗ ਕੀਤੀ ਪੰਜਾਬ ਦੇ ਭਵਿੱਖ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਅਤੇ ਨਸ਼ਾ ਕਾਰੋਬਾਰੀਆਂ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ। ਉਸ ਨੇ ਪੰਜਾਬ ਯੰਗ ਪੀਸ ਕੌਂਸਲ ਵੱਲੋਂ ਵੀ ਨਸ਼ੇ ਦੇ ਖ਼ਿਲਾਫ਼ ਜੰਗ ਵਿਚ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦਾ ਵਚਨ ਦਿੱਤਾ। ਸ. ਖੱਖ ਨੇ ਵਚਨ ਦਿੰਦੇ ਕਿਹਾ ਕਿ ਉਹ ਤੇ ਪੂਰੀ ਕਪੂਰਥਲਾ ਪੁਲਿਸ ਫੋਰਸ ਪੂਰੀ ਇਮਾਨਦਾਰੀ ਨਾਲ ਨਸ਼ੇ ਦੇ ਕਾਲੇ ਕਾਰੋਬਾਰ ਖ਼ਤਮ ਕਰਨ ਲਈ ਪਹਿਲਾਂ ਤੋ ਵੀ ਜ਼ਿਆਦਾ ਕੰਮ ਕਰੇਗੀ। ਯਾਦ ਰਹੇ ਕਿ ਕੰਚਨ ਬਾਲਾ ਪਹਿਲਾ ਭਾਰਤ ਦੇ ਸਾਬਕਾ ਰਾਸ਼ਟਰਪਤੀ ਪਰਨਵ ਮੁਖਰਜੀ ਨੂੰ ਵੀ ਮਿਲ ਕੇ ਨਸ਼ੇ ਦੇ ਖ਼ਿਲਾਫ਼ ਪੱਤਰ ਦੇ ਚੁੱਕੀ ਹੈ। ਇਸ ਮੌਕੇ ਤੇ ਐਸ.ਪੀ ਸਰਬਜੀਤ ਸਿੰਘ ਬਾਹੀਆ,ਡੀ.ਐਸ.ਪੀ ਪਰਮਜੀਤ ਸਿੰਘ,ਅੰਡਰ ਟਰੇਨਿੰਗ ਡੀ.ਐਸ.ਪੀ ਬਬਨਦੀਪ ਸਿੰਘ ਤੋਂ ਇਲਾਵਾ ਕੌਂਸਲ ਦੇ ਸੰਸਥਾਪਕ ਅਸ਼ਵਨੀ ਕੁਮਾਰ ਦਸੌੜ ਅਤੇ ਹੋਰ ਮੈਂਬਰ ਸ਼ਾਮਲ ਸਨ।