Latest

ਪੰਜਾਬ ਦੇ ਮੁੱਦਿਆਂ, ਮਸਲਿਆਂ ਨੂੰ ਚੋਣ ਮਨੋਰਥ ਪੱਤਰ ‘ਚ ਸ਼ਾਮਲ ਨਾ ਕਰਨਾ ਨਿੰਦਣਯੋਗ-ਪੱਤਰਕਾਰ ਮੰਚ ਫਗਵਾੜਾ ‘ਚ ਪੰਜਾਬ ਭਰ ਦੇ ਕਾਲਮ ਨਵੀਸ ਪੱਤਰਕਾਰ ਹੋਏ ਸ਼ਾਮਲ- ਮੀਟਿੰਗ ‘ਚ ਕਈ ਮੁੱਦੇ ਵਿਚਾਰੇ

ਫਗਵਾੜਾ
( ਸ਼ਰਨਜੀਤ ਸਿੰਘ ਸੋਨੀ  )
ਪੰਜਾਬੀ ਕਾਲਮ ਨਵੀਸ ਪੱਤਰਕਾਰਾਂ ਦੀ ਸਿਰਮੌਰ ਸੰਸਥਾ ਪੰਜਾਬੀ ਕਾਲਮ ਨਵੀਸ ਮੰਚ ਨੇ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਵਲੋਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਅਤੇ ਸਿਆਸੀ ਲੋਕਾਂ ਤੋਂ ਸਵਾਲ ਪੁੱਛਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਹੈ, ਉਸ ਦੀ ਪੰਜਾਬੀ ਕਾਲਮ ਨਵੀਸ ਮੰਚ ਨੇ, ਇਸ ਨੂੰ ਲੋਕਾਂ ਦਾ ਜਮਹੂਰੀ ਅਧਿਕਾਰ ਮੰਨਦਿਆਂ, ਭਰਪੂਰ ਸ਼ਲਾਘਾ ਕੀਤੀ ਹੈ।
ਪੰਜਾਬੀ ਕਾਲਮ ਨਵੀਸ ਮੰਚ ਦੀ ਫਗਵਾੜਾ ਵਿੱਚ ਹੋਈ ਮੀਟਿੰਗ ਦੇ ਦੌਰਾਨ ਵਿਚਾਰਿਆ ਗਿਆ ਕਿ ਪੰਜਾਬੀ ਬੋਲੀ ਨੂੰ ਅਣਗੋਲਿਆਂ ਕਰਨਾ ਅਤੇ ਵਾਤਾਵਰਨ ਵਿਗਾੜ (ਹਵਾ ਤੇ ਪਾਣੀ) ਪੰਜਾਬ ਦੇ ਗੰਭੀਰ ਮਸਲੇ ਹਨ, ਪਰ ਇਹਨਾ ਪ੍ਰਤੀ ਸਿਆਸੀ ਲੋਕਾਂ ਦੀ ਉਦਾਸੀਨਤਾ ਵੇਖਣ ਨੂੰ ਮਿਲ ਰਹੀ ਹੈ , ਜਿਸ ਦੀ ਮੀਟਿੰਗ ‘ਚ ਹਾਜ਼ਰ ਮੈਂਬਰਾਂ ਨੇ ਪਰਜ਼ੋਰ ਨਿੰਦਾ ਕੀਤੀ।
ਮੀਟਿੰਗ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਪੰਜਾਬ ‘ਚੋਂ ਪ੍ਰਵਾਸ ਨੂੰ ਗੰਭੀਰ ਮੁੱਦਾ ਮੰਨਦਿਆਂ, ਨੋਟ ਕੀਤਾ ਗਿਆ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਹ ਮੁੱਦਾ ਨਹੀਂ ਉਠਾਇਆ ਅਤੇ ਨਾ ਹੀ ਨੌਜਵਾਨਾਂ ਦੇ ਰੁਜ਼ਗਾਰ ਲਈ ਕੋਈ ਠੋਸ ਨੀਤੀ ਬਣਾਈ ਹੈ। ਮੰਚ ਨੇ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਦੇ ਵਪਾਰੀਕਰਨ ਦੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਮੰਚ ਨੇ ਕਿਹਾ ਕਿ ਪੰਜਾਬੀਆਂ ਨੂੰ ਇਹਨਾ ਬੁਨਿਆਦੀ ਸਹੂਲਤਾਂ ਲਈ ਸਾਰੇ ਦੇਸ਼ ਨਾਲੋਂ ਵੱਧ ਪੈਸਾ ਖਰਚ ਕਰਨਾ ਪੈ ਰਿਹਾ ਹੈ। ਮੰਚ ਨੇ ਜਨਤਕ ਅਦਾਰਿਆਂ ਨੂੰ ਬਚਾਉਣ ਦੀ ਬਨਿਸਪਤ ਸਰਕਾਰ ਵਲੋਂ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ‘ਚ ਦੇਣ ਦੇ ਵਰਤਾਰੇ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਜਿਥੇ ਆਮ ਲੋਕਾਂ ਨੂੰ ਚੰਗੀਆਂ ਸਿੱਖਿਆ, ਸਿਹਤ ਸਹੂਲਤਾਂ ਮਿਲਣ, ਉਥੇ ਜਨਤਕ ਅਦਾਰਿਆਂ ਖਾਸ ਕਰਕੇ ਸਿਹਤ, ਸਿੱਖਿਆ ਦੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਰੋਕਿਆ ਜਾਵੇ।
ਪੰਜਾਬੀ ਕਾਲਮ ਨਵੀਸ ਮੰਚ ਨੇ ਪੰਜਾਬ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਦਿਨੋ-ਦਿਨ ਬਦਤਰ ਹੋ ਰਹੀ ਹਾਲਾਤ ਉਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਸੇ ਵੀ ਸਿਆਸੀ ਧਿਰ ਵਲੋਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਇਹਨਾ ਦੀ ਮੰਦੀ ਹਾਲਤ ਦਾ ਗੰਭੀਰਤਾ ਨਾਲ ਜ਼ਿਕਰ ਨਾ ਕਰਨ ‘ਤੇ ਚਿੰਤਾ ਪ੍ਰਗਟਾਈ।
ਪ੍ਰਸਿੱਧ ਕਾਲਮ ਨਵੀਸ ਪੱਤਰਕਾਰ ਗੁਰਮੀਤ ਸਿੰਘ ਪਲਾਹੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਗੁਰਚਰਨ ਸਿੰਘ ਨੂਰਪੁਰ, ਡਾ: ਗਿਆਨ ਸਿੰਘ, ਡਾ: ਸ਼ਿਆਮ ਸੁੰਦਰ ਦੀਪਤੀ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਐਡਵੋਕੇਟ ਐਸ.ਐਲ. ਵਿਰਦੀ, ਗੁਰਵਿੰਦਰ ਮਾਣਕ, ਰਵਿੰਦਰ ਚੋਟ, ਬਲਵਿੰਦਰ ਸਿੰਘ ‘ਅਸੂਲ ਮੰਚ’, ਹਰਵਿੰਦਰ ਸਿੰਘ ਸੈਣੀ, ਪ੍ਰੀਤਮ ਸਿੰਘ ਅਖਾੜਾ,  ਅਸ਼ੋਕ ਸ਼ਰਮਾ, ਪਰਵਿੰਦਰਜੀਤ, ਅਮਨਦੀਪ, ਅਮਨ ਸ਼ਰਮਾ, ਦੀਦਾਰ ਸ਼ੇਤਰਾ, ਧਰਮਜੀਤ ਸਿੰਘ, ਆਦਿ ਕਾਲਮ ਨਵੀਸ ਪੱਤਰਕਾਰ ਸ਼ਾਮਲ ਹੋਏ। ਮੀਟਿੰਗ ਵਿੱਚ ਇਹ ਫੈਸਲਾ ਹੋਇਆ ਕਿ ਹਰ ਤਿਮਾਹੀ, ਜਨਰਲ ਮੀਟਿੰਗ ਪੰਜਾਬ ਦੇ ਵੱਖੋ-ਵੱਖਰੇ ਕੋਨਿਆਂ ਵਿੱਚ ਜਾ ਕੇ ਸਥਾਨਕ ਪੱਤਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੀ ਜਾਵੇ ਅਤੇ ਪੰਜਾਬ ਦੇ ਮੁੱਦੇ ਉਭਾਰੇ ਜਾਣ।

Leave a Reply

Your email address will not be published. Required fields are marked *

error: Content is protected !!