ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਕਾਂਗਰਸ ਅੱਗੇ
ਸੂਬੇ ਵਿੱਚ 19 ਸਤੰਬਰ ਨੂੰ ਪਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਦੀ ਅੱਜ ਗਿਣਤੀ ਕੀਤੀ ਜਾ ਰਹੀ ਹੈ। ਹੁਣ ਤਕ ਦੇ ਰੁਝਾਨਾਂ ਮੁਤਾਬਕ ਸੂਬੇ ਵਿੱਚ ਕਾਂਗਰਸ ਲੀਡ ਕਰ ਰਹੀ ਹੈ। ਪਟਿਆਲਾ ਵਿੱਚ ਕਾਂਗਰਸ ਨੇ ਪੰਚਾਇਤ ਸੰਮਤੀ ਦੀਆਂ 34 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਦਕਿ ਅਕਾਲੀ ਦਲ ਦੇ ਹਿੱਸੇ ਸਿਰਫ 3 ਸੀਟਾਂ ਹੀ ਆਈਆਂ। ਹੁਣ ਤਕ ਪੰਜਾਬ ਵਿੱਚ 199 ਸੀਟਾਂ ਵਿੱਚੋਂ 45 ਸੀਟਾਂ ’ਤੇ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ। 32 ਸੀਟਾਂ ਦਾ ਨਤੀਜਾ ਐਲਾਨਿਆ ਗਿਆ ਹੈ ਜਿਨ੍ਹਾਂ ਵਿੱਚੋਂ ਕਾਂਗਰਸ 24 ਸੀਟਾਂ ਨਾਲ ਅੱਗੇ ਜਾ ਰਹੀ ਹੈ। ਅਕਾਲੀ ਦਲ 7 ਤੇ ਬੀਜੇਪੀ ਇੱਕ ਸੀਟ ’ਤੇ ਖੜ੍ਹੀ ਹੈ।
ਅੰਮ੍ਰਿਤਸਰ ਵਿੱਚ 16 ਪੰਚਾਇਤ ਸੰਮਤੀ ਸੀਟਾਂ ਦਾ ਨਤੀਜਾ ਐਲਾਨਿਆ ਗਿਆ ਹੈ ਜਿਸ ਵਿੱਚੋਂ 12 ਸੀਟਾਂ ’ਤੇ ਕਾਂਗਰਸ ਦਾ ਕਬਜ਼ਾ ਹੈ ਤੇ ਅਕਾਲੀ ਦਲ ਦੇ ਹਿੱਸੇ 4 ਸੀਟਾਂ ਆਈਆਂ ਹਨ। ਪਟਿਆਲਾ ਵਿੱਚ ਪੰਚਾਇਤ ਸੰਮਤੀ ਸੀਟਾਂ ਵਿੱਚ ਕਾਂਗਰਸ ਹਿੱਸੇ 34 ਤੇ ਅਕਾਲੀ ਦਲ ਦੇ ਹਿੱਸੇ 3 ਸੀਟਾਂ ਹਨ। ਇਸੇ ਤਰ੍ਹਾਂ ਬਠਿੰਡਾ ਵਿੱਚ ਵੀ 10 ਪੰਚਾਇਤ ਸੰਮਤੀ ਦੇ ਨਤੀਜੇ ਐਲਾਨੇ ਗਏ ਹਨ ਜਿਸ ਮੁਤਾਬਕ ਕਾਂਗਰਸ ਨੇ 7 ਸੀਟਾਂ ’ਤੇ ਕਬਜ਼ਾ ਕੀਤਾ। ਇੱਥੇ ਅਕਾਲੀ ਦਲ ਹਿੱਸੇ 2 ਤੇ ਆਜ਼ਾਦ ਦਲ ਨੇ ਮਹਿਜ਼ ਇੱਕ ਸੀਟ ’ਤ ਜਿੱਤ ਹਾਸਲ ਕੀਤੀ। ਸਨਅਤੀ ਸ਼ਹਿਰ ਲੁਧਿਆਣਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਰੁਝਾਨਾਂ ਮੁਤਾਬਕ ਕਾਂਗਰਸ 22 ਸੀਟਾਂ ’ਤੇ ਕਾਬਜ਼ ਹੈ। ਪੰਚਾਇਤ ਸੰਮਤੀ ਦੀ ਜੇ ਗੱਲ ਕੀਤੀ ਜਾਏ ਤਾਂ ਕਾਂਗਰਸ 89 ਸੀਟਾਂ ਨਾਲ ਲੀਡ ਕਰ ਰਹੀ ਹੈ। ਅਕਾਲੀ ਦਲ ਨੂੰ 24, ਆਪ ਨੂੰ ਇੱਕ ਤੇ ਆਜ਼ਾਦ ਦਲ ਨੂੰ 2 ਸੀਟਾਂ ’ਤ ਜਿੱਤ ਮਿਲੀ ਹੈ। ਨਵਾਂ ਸ਼ਹਿਰ ਵਿੱਚ ਪੰਚਾਇਤ ਸੰਮਤੀ ਦੇ ਕੁੱਲ 22 ਜ਼ੋਨਾਂ ਵਿੱਚੋਂ 12 ਸੀਟਾਂ ’ਤੇ ਕਾਂਗਰਸ ਨੂੰ ਜਿੱਤ ਹਾਸਲ ਹੋਈ।
ਹੋਰਾਂ ਜ਼ਿਲ੍ਹਿਆਂ ਵਾਂਗ ਅਕਾਲੀਆਂ ਨੂੰ ਮੁਕਤਸਰ ਵਿੱਚ ਵੀ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਜਿੱਥੇ 13 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਵਿੱਚੋਂ 10 ਸੀਟਾਂ ਕਾਂਗਰਸ ਲੈ ਗਈ। ਉੱਧਰ ਹੁਸ਼ਿਆਰਪੁਰ ਵਿੱਚ ਕੁੱਲ 211 ਪੰਚਾਇਤ ਸੰਮਤੀ ਜ਼ੋਨ ’ਚੋਂ 38 ਦਾ ਨਤੀਜਾ ਐਲਾਨਿਆ ਗਿਆ ਹੈ। ਇਸ ਮੁਤਾਬਕ 38 ਵਿੱਚੋਂ ਕਾਂਗਰਸ ਨੇ 34 ਸੀਟਾਂ ’ਤੇ ਜਿੱਤ ਹਾਸਲ ਕੀਤੀ। ਅਕਾਲੀ ਦਲ ਨੂੰ 3 ਤੇ ਬੀਜੇਪੀ ਨੂੰ ਮਹਿਜ਼ ਇੱਕ ਸੀਟ ਮਿਲੀ ਹੈ। ਸੰਗਰੂਰ ਵਿੱਚ ਕਾਂਗਰਸ ਨੂੰ ਪੰਚਾਇਤ ਸੰਮਤੀ ਦੀਆਂ 7 ਤੇ ਅਕਾਲੀ ਦਲ ਨੂੰ ਇੱਕ ਸੀਟ ’ਤੇ ਜਿੱਤ ਹਾਸਲ ਹੋਈ ਹੈ। ਰੋਪੜ ਵਿੱਚ ਵੀ ਕਾਂਗਰਸ ਦਾ ਹੀ ਬੋਲਬਾਲਾ ਹੈ।
ਗੁਰਦਾਸਪੁਰ ਜ਼ੋਨ ’ਚ ਜ਼ਿਲ੍ਹ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਸਾਰੀਆਂ ਸੀਟਾਂ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਅਕਾਲੀ ਦਲ ਪਾਰਟੀ ਵੱਲੋਂ ਚੋਣਾਂ ਦਾ ਬਾਈਕਾਟ ਕੀਤੇ ਜਾਣ ਬਾਅਦ ਕਾਂਗਰਸ ਉਮੀਦਵਾਰ ਨੇ ਬਿਨਾ ਮੁਕਾਬਲੇ ਹੀ ਕਾਫੀ ਸੀਟਾਂ ਉਤੇ ਜਿੱਤ ਹਾਸਲ ਕਰ ਲਈ ਹੈ। ਗੁਰਦਾਸਪੁਰ ਦੇ ਕੁੱਲ 213 ਪੰਚਾਇਤ ਸੰਮਤੀ ਜ਼ੋਨਾਂ ਵਿੱਚੋਂ ਕਾਂਗਰਸ ਨੇ 154 ਸੀਟਾਂ ’ਤੇ ਜਿੱਤ ਹਾਸਲ ਕੀਤੀ। ਗੁਰਦਾਸਪੁਰ ਬਲਾਕ ਵਿੱਚ ਬਲਾਕ ਕਮੇਟੀ ਦੀਆਂ ਕੁੱਲ 25 ਸੀਟਾਂ ਹਨ, ਜਿਸ ਵਿੱਚ 9 ਸੀਟਾਂ ’ਤੇ ਕਾਂਗਰਸ ਜੇਤੂ ਰਹੀ ਜਦਕਿ 16 ਸੀਟਾਂ ਉਤੇ ਕਾਂਗਰਸ ਬਿਨਾਂ ਮੁਕਾਬਲੇ ਪਹਿਲਾਂ ਹੀ ਜਿੱਤ ਚੁੱਕੀ ਸੀ।