Latest

ਹੁਸ਼ਿਆਰਪੁਰ ਪਹੁੰਚੇ ਰਾਹੁਲ ਗਾਂਧੀ ਨੇ ਲਾਏ ਮੋਦੀ ਨੂੰ ਰਗੜੇ, 1984 ਸਿੱਖ ਕਤਲੇਆਮ ‘ਤੇ ਸੈਮ ਪਿਤ੍ਰੋਦਾ ਨੇ ਦਿੱਤਾ ਸ਼ਰਮਨਾਕ ਬਿਆਨ: ਰਾਹੁਲ ਗਾਂਧੀ,

ਹੁਸ਼ਿਆਰਪੁਰ 13 ਮਈ
( ਸ਼ਰਨਜੀਤ ਸਿੰਘ ਸੋਨੀ )
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰੋਸ਼ਨ ਗਰਾਊਂਡ ਹੁਸਿਆਰਪੁਰ ਵਿਖੇ ਲੋਕ ਸਭਾ ਹੁਸਿਆਰਪੁਰ ਦੇ ਉਮੀਦਵਾਰ ਡਾ.ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਦੇਸ਼ ਦੀਆਂ ਔਰਤਾਂ ਨੇ ਜੋ ਪੈਸੇ ਬਚਾ ਕੇ ਰੱਖੇ ਸਨ ਉਹ ਨਰਿੰਦਰ ਮੋਦੀ ਨੇ ਨੋਟਬੰਦੀ ਕਰਕੇ ਖੋਹ ਲਏ।ਦੇਸ਼ ਦੇ ਲੋਕਾਂ ਨੂੰ ਸੜਕਾਂ ਤੇ ਲਾਈਨਾਂ ਵਿੱਚ ਖੜੇ ਕਰ ਦਿੱਤਾ।ਰੈਲੀ ਵਿੱਚ ਔਰਤ ਵੋਟਰਾਂ ਦੇ ਵੱਧ ਉਤਸ਼ਾਹ ਨੂੰ ਦੇਖਦਿਆਂ ਉਨਾਂ ਕਿਹਾ ਕਿ 2019 ਵਿੱਚ ਜਦੋਂ ਕੇਂਦਰ ਵਿੱਚ ਕਾਂਗਰਸ ਸਰਕਾਰ ਬਣੇਗੀ ਤਾਂ ਔਰਤਾਂ ਨੂੰ ਨਿਆਏਂ,ਇੰਨਸਾਫ ਦਿੱਤਾ ਜਾਵੇਗਾ।ਨਿਆਏਂ ਯੋਜਨਾ ਰਾਂਹੀ 72 ਹਜਾਰ ਰੁਪਏ ਸਲਾਨਾ ਔਰਤਾਂ ਦੇ ਖਾਤੇ ਵਿੱਚ ਪਾਏ ਜਾਣਗੇ, ਪੰਜ ਸਾਲ ਬਾਅਦ ਤਿੰਨ ਲੱਖ ਰੁਪਏ ਖਾਤੇ ਵਿੱਚ ਜਮਾਂ ਹੋਣਗੇ ਜਿਸ ਨਾਲ ਦੇਸ਼ ਦੇ ਪੰਜ ਕਰੋੜ ਲੋਕਾਂ ਅਤੇ 25 ਕਰੋੜ ਪਰਿਵਾਰਾਂ ਨੂੰ ਫਾਇਦਾ ਮਿਲੇਗਾ। ਉਨਾਂ ਕਿਹਾ ਕੇਂਦਰ ਵਿੱਚ ਕਾਂਗਰਸ ਸਰਕਾਰ ਬਣਨ ਤੇ ਵਿਧਾਨ ਸਭਾ,ਰਾਜ ਸਭਾ ਅਤੇ ਲੋਕ ਸਭਾ ਵਿੱਚ 35% ਰਾਖਵਾਂਕਰਣ ਔਰਤਾਂ ਲਈ ਲਾਜਮੀ ਹੋਵੇਗਾ। ਉਨਾਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਔਰਤਾਂ ਤੇ ਸਭ ਤੋਂ ਵੱਧ ਅੱਤਿਆਚਾਰ ਹੋਏ,ਬਲਾਤਕਾਰ ਹੋਏ ਕਾਂਗਰਸ ਸਰਕਾਰ ਬਣਨ ਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਤੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਜਨਤਾ ਨਾਲ ਪੰਜ ਸਾਲ ਪੈਰ ਪੈਰ ਤੇ ਧੌਖਾ ਕੀਤਾ,ਬੇਈਮਾਨੀਆਂ ਕੀਤੀਆਂ।ਰਾਹੁਲ ਨੇ ਕਿਹਾ ਚੌਕੀਦਾਰ ਨੇ 45 ਹਜਾਰ ਕਰੋੜ ਰੁਪਏ ਅਨਿਲ ਅਬਾਨੀ ਦਾ ਕਰਜਾ ਮਾਅਫ ਕਰ ਦਿੱਤਾ।ਰਾਫੇਲ ਘੁਟਾਲੇ ਰਾਂਹੀ 30 ਹਜਾਰ ਕਰੋੜ ਦਾ ਫਾਇਦਾ ਇੱਕ ਨਾਮੀ ਵਿਅਕਤੀ ਨੂੰ ਦਿੱਤਾ।ਮੋਦੀ ਰਾਜ ਵਿੱਚ ਦਲਿਤਾਂ,ਆਦਿਵਾਸੀਆਂ,ਕਿਸਾਨਾਂ ਤੇ ਵੱਧ ਜੁਲਮ ਹੋਏ, ਸਭ ਤੋਂ ਵੱਧ ਨੁਕਸਾਨ ਹੋਇਆ ਹੈ।ਦੇਸ਼ ਅੰਦਰ ਦਲਿਤਾਂ,ਆਦਿਵਾਸੀਆਂ ਨੂੰ ਕੁਚਲ ਕੁਚਲ ਕੇ ਮਾਰਿਆ ਜਾ ਰਿਹਾ ਹੈ,ਲੁੱਟਿਆ ਕੁੱਟਿਆ ਜਾ ਰਿਹਾ ਹੈ ਪਰ ਪ੍ਰਧਾਨ ਮੰਤਰੀ ਇੱਕ ਸ਼ਬਦ ਨਹੀ ਬੋਲ ਰਹੇ।ਉਨਾਂ ਕਿਹਾ ਕਾਂਗਰਸ ਕੋਲ ਦੇਸ਼ ਨੂੰ ਬਦਲਣ ਤੇ ਗਰੀਬੀ ਖਤਮ ਕਰਨ ਲਈ ਸਰਜੀਕਲ ਸਟਰਾਈਕ ਯੋਜਨਾ ਹੈ,ਜਿਸ ਨਾਲ ਦੇਸ਼ ਦਾ ਨੁਕਸਾਨ ਨਹੀਂ ਹੋਵੇਗਾ ਬਲਕਿ ਦੇਸ਼ ਵਾਸੀਆਂ ਦਾ ਆਰਥਿਕ ਤੌਰ ਤੇ ਭਲਾ ਹੋਵੇਗਾ।ਰਾਹੁਲ ਗਾਂਧੀ ਨੇ ਕਿਸਾਨਾਂ ਬਾਰੇ ਬੋਲਦਿਆਂ ਕਿਹਾ ਕਿ 2019 ਵਿੱਚ ਦੋ ਬਜਟ ਹੋਣਗੇ ਇੱਕ ਨੈਸ਼ਨਲ ਤੇ ਦੂਜਾ ਪੰਜਾਬ ਦੇ ਕਿਸਾਨਾਂ ਲਈ ਅਲੱਗ ਬਜਟ ਹੋਵੇਗਾ।ਉਨਾਂ ਕਿਹਾ ਅਨਿਲ ਅੰਬਾਨੀ ਨੇ 45 ਹਜਾਰ ਕਰੋੜ ਮੋਦੀ ਸਰਕਾਰ ਤੋਂ ਕਰਜਾ ਲਿਆ ਪਰ ਉਹ ਵਾਪਸ ਨਾ ਕਰਨ ਤੇ ਵੀ ਐਸ਼ ਅਰਾਮ ਨਾਲ ਰਹਿ ਰਿਹਾ ਹੈ,ਦੂਸਰੇ ਪਾਸੇ ਜੇਕਰ ਕਿਸਾਨ 20 ਹਜਾਰ ਰੁਪਏ ਕਰਜ ਲਵੇ ਤਾਂ ਵਾਪਸ ਨਾ ਕਰਨ ਤੇ ਜੇਲ ਭੇਜਿਆ ਜਾਂਦਾ ਹੈ।ਕਾਂਗਰਸ ਸਰਕਾਰ ਬਣਨ ਤੇ ਕਿਸੇ ਵੀ ਕਿਸਾਨ ਨੂੰ ਜੇਲ ਨਹੀਂ ਭੇਜਿਆ ਜਾ ਸਕੇਗਾ।ਕਾਂਗਰਸ ਸਰਕਾਰ ਬਣਨ ਤੇ ਨਿਆਏਂ ਯੋਜਨਾ ਤਹਿਤ ਇਕ ਸਾਲ ਅੰਦਰ 22 ਲੱਖ ਨੌਕਰੀਆਂ ਅਤੇ ਦਸ ਲੱਖ ਪੰਚਾਇਤ ਸੇਵਕਾਂ ਦੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ।ਮਨਰੇਗਾ ਤਹਿਤ 100 ਦਿਨਾਂ ਦੇ ਕੰਮ ਨੂੰ ਵਧਾਕੇ 150 ਦਿਨ ਲਾਜਮੀ ਕੀਤਾ ਜਾਵੇਗਾ।

ਨੌਜਬਾਨਾਂ ਨੂੰ ਬਿਨਾਂ ਕਿਸੇ ਮਨਜੂਰੀ ਦੇ ਬਿਜਨਿਸ ਖੋਲਣ ਦੀ ਆਗਿਆ ਹੋਵੇਗੀ। ਰਾਹੁਲ ਗਾਂਧੀ ਨੇ ਸੈਮ ਪਿਤਰੋਦਾ ਦੇ ਬਿਆਨ ਤੇ ਬੋਲਦਿਆਂ ਕਿਹਾ ਕਿ ਸੈਮ ਪਿਤਰੋਦਾ ਨੇ ਜੋ 84 ਬਾਰੇ ਜੋ ਕਿਹਾ ਉਹ ਗਲਤ ਹੈ,ਸੈਮ ਪਿਤਰੋਦਾ ਨੂੰ ਆਪਣੇ ਬਿਆਨ ਲਈ ਦੇਸ਼ ਵਾਸੀਆਂ ਤੇ ਪੰਜਾਬ ਵਾਸੀਆਂ ਤੋਂ ਮਾਅਫੀ ਮੰਗਣੀ ਚਾਹੀਦੀ ਹੈ।ਰਾਹੁਲ ਨੇ ਕਿਹਾ ਕਿ 84 ਵਿੱਚ ਜੋ ਹੋਇਆ ਗਲਤ ਹੋਇਆ,ਜਿਨਾਂ ਨੇ ਵੀ ਗਲਤ ਕੰਮ ਕੀਤੇ ਉਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਹੋਵੇਗੀ।ਰਾਹੁਲ ਨੇ ਕਿਹਾ ਕਿ ਜੇਕਰ ਨਰਿੰਦਰ ਮੋਦੀ ਚਾਹੁਣ ਤਾਂ ਮੇਰੇ ਨਾਲ ਕਿਸੇ ਵੀ ਮੁੱਦੇ ਤੇ ਵਹਿਸ ਕਰਕੇ ਦਿਖਾਉਣ ਕਿਉਂਕਿ ਹੁਣ ਬੀਜੇਪੀ ਤੇ ਆਰ ਐਸ ਐਸ ਦੀ ਅਸਲੀਅਤ ਦੇਸ਼ ਸਾਹਮਣੇ ਆ ਚੁੱਕੀ ਹੈ।ਦੇਸ਼ ਦਾ ਨੌਜਬਾਨ,ਮਜਦੂਰ,ਕਿਸਾਨ ਸਭ ਕਾਂਗਰਸ ਲਈ ਇੱਕਮੁੱਠ ਹੋ ਕੇ ਲੜ ਰਹੇ ਹਨ।ਉਨਾਂ ਕਾਂਗਰਸ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਖੇਪ ਭਾਸ਼ਨ ਵਿੱਚ ਵਨ ਰੈਂਕ ਵਨ ਪੈਨਸ਼ਨ ਦਾ ਮੁੱਦਾ,ਰੁਜਗਾਰ,ਕਿਸਾਨਾਂ ਦੇ ਮਸਲਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਸਮੇਂ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ,ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ,ਜਲੰਧਰ ਤੋਂ ਉਮੀਦਵਾਰ ਚੌਧਰੀ ਸੰਤੋਖ ਸਿੰਘ,ਡਾ.ਰਾਜ ਕੁਮਾਰ ਚੱਬੇਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਸਮੇਂ ਤੇਜਿੰਦਰ ਬਿੱਟੂ,ਚੌਧਰੀ ਮਹਿੰਦਰ ਸਿੰਘ ਕੇ.ਪੀ.,ਲਾਲ ਸਿੰਘ ਕੈਬਨਿਟ ਮੰਤਰੀ,ਪਵਨ ਆਦਿਆ ਵਿਧਾਇਕ,ਮਿੱਕੀ ਡੋਗਰਾ ਵਿਧਾਇਕ,ਸੰਗਤ ਸਿੰਘ ਗਿਲਜੀਆਂ ਵਿਧਾਇਕ,ਰਾਣਾ ਗੁਰਜੀਤ ਸਿੰਘ,ਤ੍ਰਿਪਤ ਰਜਿੰਦਰ ਸਿੰਘ ਬਾਜਵਾ,ਕੁਲਦੀਪ ਨੰਦਾ ਜਿਲਾ ਪ੍ਰਧਾਨ,ਵਰਿੰਦਰ ਸਿੰਘ ਬਾਜਵਾ ਸਾਬਕਾ ਰਾਜ ਸਭਾ ਮੈਂਬਰ,ਜੋਗਿੰਦਰ ਸਿੰਘ ਮਾਨ,ਲਵ ਕੁਮਾਰ ਗੋਲਡੀ,ਸ੍ਰੀਮਤੀ ਸੰਤੋਸ਼ ਚੌਧਰੀ ਸਾਬਕਾ ਕੇਂਦਰੀ ਮੰਤਰੀ,ਡਾ.ਜਤਿੰਦਰ ਕੁਮਾਰ,ਦਲਜੀਤ ਸਿੰਘ ਸਹੋਤਾ,ਹਰਕੀਰਤ ਸਿੰਘ ਔਜਲਾ,ਸ੍ਰੀਮਤੀ ਰਾਣੀ ਸੋਡੀ,ਤਰੁਣ ਸੇਠੀ ਅਤੇ ਅਨੇਕਾਂ ਕਾਂਗਰਸੀ ਆਗੂ ਹਾਜਰ ਸਨ।

Leave a Reply

Your email address will not be published. Required fields are marked *

error: Content is protected !!