Latest

ਬਿਨਾਂ GPS ਵਾਲੇ ਵਾਹਨ ‘ਚ EVM ਮਿਲੀ ਤਾਂ ਸਟਾਫ ਹੋਵੇਗਾ ਮੁਅੱਤਲ: ਚੋਣ ਕਮਿਸ਼ਨ

ਪੰਜਾਬ ‘ਚ ਕੱਲ੍ਹ (ਐਤਵਾਰ) ਨੂੰ ਵੋਟਾਂ ਪੈਣਗੀਆਂ।ਜਿਸਦੇ ਚਲਦੇ ਸੁਰੱਖਿਆ ਵਧਾ ਦਿੱਤੀ ਗਈ ਹੈ। ਚੋਣ ਕਮਿਸ਼ਨ ਦੇ ਪੰਜਾਬ ਨਾਲ ਸੰਬੰਧਿਤ ਉੱਚ ਅਧਿਕਾਰੀਆਂ ਵਲੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਲਈ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਾਰੁਣਾ ਰਾਜੂ ਦਾ ਇਸ ਬਾਰੇ ਕਹਿਣਾ ਹੈ ਕਿ ਬਿਨਾਂ ਜੀ. ਪੀ. ਐੱਸ. ਲੱਗੇ ਵਾਹਨ ‘ਚ ਈ. ਵੀ. ਐੱਮ. ਨੂੰ ਇਧਰ-ਉਧਰ ਲਿਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਨਾਲ ਸਬੰਧਿਤ ਚੋਣ ਡਿਊਟੀ ‘ਤੇ ਲੱਗੇ ਪੂਰੇ ਸਟਾਫ ਨੂੰ ਮੁਅੱਤਲ ਕੀਤਾ ਜਾਵੇਗਾ ਤੇ ਨਾਲ ਹੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਾਵਾਂ ‘ਤੇ ਈ. ਵੀ. ਐੱਮ. ਰੱਖੀਆਂ ਗਈਆਂ ਹਨ ਤੇ ਆਉਣ ਵਾਲੇ ਦਿਨਾਂ ‘ਚ ਪੋਲਿੰਗ ਸਟੇਸ਼ਨਾਂ ਤੇ ਗਿਣਤੀ ਕੇਂਦਰਾਂ ਆਦਿ ‘ਤੇ ਇਧਰ-ਉਧਰ ਲਿਜਾਣ ਸਮੇਂ ਜੀ. ਪੀ. ਐੱਸ. ਸਿਸਟਮ ਰਾਹੀਂ ਪੂਰੀ ਨਜ਼ਰ ਰਹੇਗੀ। ਉਨ੍ਹਾਂ ਕਿਹਾ ਕਿ ਇਕ ਵੀ ਮਸ਼ੀਨ ਬਿਨਾਂ ਜੀ. ਪੀ. ਐੱਸ. ਸਿਸਟਮ ਦੇ ਇਧਰ-ਉਧਰ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਹਿਲਾ ਸਟਾਫ ਨੂੰ ਮਸ਼ੀਨਾਂ ਜਮ੍ਹਾ ਕਰਵਾਉਣ ਤੋਂ ਬਾਅਦ ਆਪੋ-ਆਪਣੇ ਘਰਾਂ ਤੱਕ ਪਹੁੰਚਾਉਣ ਲਈ ਕਮਿਸ਼ਨ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਪੋਲਿੰਗ ਸਟਾਫ ਲਈ ਰਾਜ ਦੇ ਮੁੱਖ ਚੋਣ ਦਫ਼ਤਰ ਵਲੋਂ 8 ਹਜ਼ਾਰ ਬੱਸਾਂ ਤੋਂ ਇਲਾਵਾ ਹੋਰ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਚੋਣਾਂ ਨੂੰ ਵੇਖਦੇ ਹੋਏ ਇਲੈਕਸ਼ਨ ਕਮਿਸ਼ਨ ਨੇ ਵੋਟਰਾਂ ਨੂੰ ਖਾਸ ਸਹੂਲਤ ਦਿੱਤੀ ਹੈ। ਦਰਅਸਲ ਕਮਿਸ਼ਨ ਵਲੋਂ ਬਾਈਕ ਦੀ ਸਹੂਲਤ ਦਿੱਤੀ ਗਈ ਹੈ ਜੋ ਵੋਟਰਾਂ ਨੂੰ ਘਰ ਤੋਂ ਪੋਲਿੰਗ ਬੂਥ ਤੱਕ ਲਿਜਾਉਣ ਤੇ ਵਾਪਸ ਘਰ ਛੱਡਣ ‘ਚ ਮਦਦ ਕਰੇਗੀ। ਜ਼ਿਲ੍ਹਾ ਪ੍ਰਸ਼ਾਸਨ ਦੇ ਵਿਸ਼ੇਸ਼ ਉੱਦਮ ਸਦਕਾ ਇਹ ਸਹੂਲਤ ਰੋਪਿਨ ਟਰਾਂਸਪੋਰਟੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੇ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ। ਇਸ ਸਰਵਿਸ ਦੀ ਵਰਤੋਂ ਕਰਨ ਲਈ ਵੋਟਰ ਨੂੰ ਐਂਡਰਾਇਡ ਮੋਬਾਈਲ ‘ਤੇ ‘ਰੈਪੀਡੋ ਬਾਈਕ ਟੈਕਸੀ ਐਪ’ ਨੂੰ ਡਾਊਨਲੋਡ ਕਰਨਾ ਪਵੇਗਾ। ਸਹੂਲਤ ਲੈਣ ਲਈ ਪ੍ਰੋਮੋ ਕੋਡ ‘ਆਈਵੋਟ’ ਦੀ ਵਰਤੋਂ ਕਰਨੀ ਪਵੇਗੀ। ਇਸ ਸਹੂਲਤ ਤਹਿਤ ਵੋਟਰ ਨੂੰ ਘਰੋਂ ਪੋਲਿੰਗ ਬੂਥ ਤਕ ਅਤੇ ਵੋਟ ਪਾਉਣ ਉਪਰੰਤ ਪੋਲਿੰਗ ਬੂਥ ਤੋਂ ਘਰ ਤਕ ਛੱਡਿਆ ਜਾਵੇਗਾ।

Leave a Reply

Your email address will not be published. Required fields are marked *

error: Content is protected !!