Latest

ਬਰਸਾਤੀ ਸੀਜ਼ਨ ਦੌਰਾਨ ਸੰਭਾਵੀ ਹੜਾਂ ਦੀ ਰੋਕਥਾਮ ਲਈ ਕੀਤੇ ਪੁਖ਼ਤਾ ਇੰਤਜ਼ਾਮ-ਡੀ. ਸੀ

ਕਪੂਰਥਲਾ, 9 ਜੁਲਾਈ  ( ਸ਼ਰਨਜੀਤ ਸਿੰਘ ਸੋਨੀ  ) 
ਆਉਣ ਵਾਲੇ ਬਰਸਾਤੀ ਸੀਜ਼ਨ ਦੌਰਾਨ ਸੰਭਾਵੀ ਹੜਾਂ ਦੀ ਰੋਕਥਾਮ ਲਈ ਜ਼ਿਲੇ ਵਿਚ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਸੰਭਾਵੀ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ ਜ਼ਿਲੇ ਵਿਚ ਸੰਭਾਵੀ ਹੜਾਂ ਤੋਂ ਬਚਾਅ ਲਈ ਇਕ ਵਿਸਥਾਰਤ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਸੰਭਾਵੀ ਹੜਾਂ ਦੌਰਾਨ ਆਮ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਦਰਿਆ ਲਾਗਲੇ ਇਲਾਕਿਆਂ ਤੇ ਪ੍ਰਭਾਵਿਤ ਪਿੰਡਾਂ ਦੀ ਸੂਚੀ ਤਿਆਰ ਕਰਕੇ ਉਨਾਂ ਲਈ ਸੁਰੱਖਿਅਤ ਥਾਵਾਂ ਦੀ ਪਛਾਣ ਵੀ ਕਰ ਲਈ ਗਈ ਹੈ। ਕਿਸੇ ਵੀ ਹੰਗਾਮੀ ਹਾਲਤ ਦੌਰਾਨ ਲੋਕਾਂ ਲਈ ਰਾਸ਼ਨ, ਪਸ਼ੂਆਂ ਲਈ ਚਾਰੇ, ਦਵਾਈਆਂ, ਕਿਸ਼ਤੀਆਂ, ਪੀਣ ਵਾਲੇ ਪਾਣੀ, ਤਰਪਾਲਾਂ, ਤੈਰਾਕਾਂ, ਡਾਕਟਰੀ ਸਹੂਲਤਾਂ, ਤੇਲ ਦਾ ਸਟਾਕ, ਲਾਈਫ ਜੈਕਟਾਂ, ਬੋਰੇ, ਰੱਸੇ ਅਤੇ ਹੋਰ ਸਾਜ਼ੋ-ਸਾਮਾਨ ਦੇ ਵੀ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸੰਚਾਰ ਵਿਵਸਥਾ ਨੂੰ ਚੁਸਤ-ਦਰੁਸਤ ਰੱਖਣ ਲਈ ਕੰਟਰੋਲ ਰੂਮ ਸਥਾਪਿਤ ਕਰਨ ਤੋਂ ਇਲਾਵਾ ਨੋਡਲ ਅਫ਼ਸਰਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ। ਇਸੇ ਤਰਾਂ ਧੁੱਸੀ ਬੰਨ ਦੀਆਂ ਨਾਜ਼ੁਕ ਥਾਵਾਂ ਦੀ ਮੁਰੰਮਤ ਤੋਂ ਇਲਾਵਾ ਸਟੱਡ ਅਤੇ ਨੋਚਾਂ ਲਗਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਂਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਸੰਭਾਵੀ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਧੁੱਸੀ ਬੰਨ ਦੇ ਨਜ਼ਦੀਕ ਤੂੜੀ ਦੇ ਕੁੱਪ ਨਾ ਬਣਾਉਣ ਅਤੇ ਠੀਕਰੀ ਪਹਿਰੇ ਲਗਾਉਣ ਸਬੰਧੀ ਜਾਰੀ ਹੁਕਮਾਂ ਦੀ ਪਾਲਣਾ ਸਖ਼ਤੀ ਨਾਲ ਲਾਗੂ ਕੀਤੀ ਜਾਵੇ। ਉਨਾਂ ਆਰਮੀ ਅਤੇ ਐਸ. ਡੀ. ਆਰ. ਐਫ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਕਿਸੇ ਵੀ ਹੰਗਾਮੀ ਸਥਿਤੀ ਵੇਲੇ ਤਿਆਰ-ਬਰ-ਤਿਆਰ ਰਹਿਣ। ਉਨਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਿਆਸ ਦਰਿਆ ਵਿਚ ਪਾਣੀ ਦੇ ਪੱਧਰ ਅਤੇ ਪੌਂਗ ਡੈਮ ਤੋਂ ਪਾਣੀ ਦੀ ਨਿਕਾਸੀ ਸਬੰਧੀ ਰੋਜ਼ਾਨਾ ਰਿਪੋਰਟ ਦਿੱਤੀ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸ. ਸਕੱਤਰ ਸਿੰਘ ਬੱਲ, ਡਾ. ਜੈ ਇੰਦਰ ਸਿੰਘ ਤੇ ਸ੍ਰੀਮਤੀ ਨਵਨੀਤ ਕੌਰ ਬੱਲ, ਡੀ. ਐਸ. ਪੀ ਸ. ਸੰਦੀਪ ਸਿੰਘ ਮੰਡ, ਸਿਵਲ ਸਰਜਨ ਡਾ. ਜਸਮੀਤ ਕੌਰ, ਤਹਿਸੀਲਦਾਰ ਸ੍ਰੀਮਤੀ ਸੀਮਾ ਸਿੰਘ, ਸ. ਲਖਵਿੰਦਰ ਸਿੰਘ ਤੇ ਸ. ਹਰਕਰਮ ਸਿੰਘ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਲਾਲ ਕੁੰਡਲ, ਐਕਸੀਅਨ ਡਰੇਨੇਜ ਸ. ਅਜੀਤ ਸਿੰਘ ਤੇ ਸ੍ਰੀ ਰਾਮ ਰਤਨ, ਐਕਸੀਅਨ ਪਾਵਰਕਾਮ ਇੰਜ: ਜਸਵਿੰਦਰ ਸਿੰਘ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਸ. ਕੁਲਵਿੰਦਰ ਸਿੰਘ ਸੰਧੂ, ਸਹਾਇਕ ਡਾਇਰੈਕਟਰ ਪਸ਼ੂ ਪਾਲਣ ਡਾ. ਦਵਿੰਦਰ ਆਨੰਦ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਸਕੱਤਰ ਰੈੱਡ ਕਰਾਸ ਸ੍ਰੀ ਆਰ. ਸੀ ਬਿਰਹਾ, ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਅ) ਸ. ਸਤਿੰਦਰ ਬੀਰ ਸਿੰਘ, 58 ਆਰਮਡ ਬ੍ਰਿਗੇਡ ਤੋਂ ਮੇਜਰ ਸ਼ਿਤਿਜ ਰਲਹਨ, ਖੇਤੀਬਾੜੀ ਅਫ਼ਸਰ ਸ੍ਰੀ ਅਸ਼ਵਨੀ ਕੁਮਾਰ, ਐਸ. ਡੀ. ਓ ਡਰੇਨੇਜ ਸ੍ਰੀ ਕਮਲਜੀਤ, ਪਲਟੂਨ ਕਮਾਂਡਰ ਹੋਮ ਗਾਰਡਜ਼ ਸ. ਨਵਦੀਪ ਸਿੰਘ, ਐਸ. ਡੀ. ਆਰ ਐਫ ਤੋਂ ਇੰਸ: ਮਨੋਜ ਕੁਮਾਰ, ਮੈਡਮ ਅੰਜੂ ਬਾਲਾ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!