Latest

ਫਤਿਹ ਨੂੰ ਬਾਹਰ ਕੱਢਣ ‘ਚ ਹੋ ਰਹੀ ਦੇਰੀ ਕਰਕੇ ਲੋਕਾਂ ਨੇ ਸੰਗਰੂਰ-ਮਾਨਸਾ ਹਾਈਵੇਅ ਕੀਤਾ ਜਾਮ

ਸੰਗਰੂਰ : ਪਿਛਲੇ 90 ਘੰਟਿਆਂ ਤੋਂ ਵੱਧ ਸਮੇਂ ਤੋਂ ਬੋਰਵੈੱਲ ‘ਚ ਡਿੱਗਿਆ ਫਤਿਹਵੀਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਐੱਨ.ਡੀ.ਆਰ.ਐੱਫ. ਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨ ਸਫਲ ਨਹੀਂ ਹੋ ਸਕੇ ਹਨ। ਬਚਾਅ ਕਾਰਜਾਂ ਵਿੱਚ ਹੋ ਰਹੀ ਦੇਰੀ ਦੇ ਰੋਸ ਵਿੱਚ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਜਾਣਕਾਰੀ ਅਨੁਸਾਰ ਮੌਕੇ ‘ਤੇ ਮੌਜੂਦ ਲੋਕਾਂ ਨੇ ਸੰਗਰੂਰ-ਮਾਨਸਾ ਹਾਈਵੇਅ ਜਾਮ ਕਰ ਦਿੱਤਾ ਹੈ।ਹਾਲਾਂਕਿ ਇਸ ਤੋਂ ਕੁਝ ਦੇਰ ਪਹਿਲਾਂ ਵੀ ਲੋਕਾਂ ਨੇ ਮੌਕੇ ‘ਤੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਸੀ। ਪੁਲਿਸ ਲੋਕਾਂ ਨੂੰ ਸ਼ਾਂਤ ਕਰਨ ਵਿੱਚ ਲੱਗੀ ਹੋਈ ਸੀ, ਪਰ ਵਧਦੇ ਰੋਸ ਕਾਰਨ ਪੁਲਿਸ ਨੇ ਬੱਚੇ ਦੇ ਦਾਦੇ ਤੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਵਾਈ । ਪੁਲਿਸ ਨੇ ਲੋਕਾਂ ਨੂੰ ਕਾਬੂ ਰੱਖਣ ਲਈ ਬੈਰੀਕੇਡ ਵੀ ਲਾਏ ਹੋਏ ਹਨ ਅਤੇ ਦਾਦੇ ਦੇ ਅਪੀਲ ਕਰਨ ਮਗਰੋਂ ਮਾਹੌਲ ਕੁਝ ਸ਼ਾਂਤ ਸੀ ਪਰ ਹੁਣ ਦੋਬਾਰਾ ਲੋਕਾਂ ਦਾ ਗੁੱਸਾ ਫੁੱਟ ਗਿਆ ਹੈ।ਜਿਕਰਯੋਗ ਹੈ ਕਿ ਫਤਿਹਵੀਰ ਨੂੰ ਬਾਹਰ ਕੱਢਣ ਲਈ 32 ਇੰਚ ਚੌੜਾ ਇਕ ਸਮਾਂਤਰ ਬੋਰਵੈੱਲ ਬਣਾਇਆ ਗਿਆ ਹੈ ਤਾਂ ਕਿ ਲਗਭਗ 120 ਫੁੱਟ ਦੀ ਡੂੰਘਾਈ ‘ਤੇ 9 ਇੰਚ ਚੌੜੇ ਬੋਰਵੈੱਲ ਵਿਚ ਫਸੇ ਫਤਿਹਵੀਰ ਤੱਕ ਦੋਨਾਂ ਬੋਰਵੈੱਲਾਂ ਵਿਚਾਲੇ ਸੁਰੰਗ ਬਣਾ ਕੇ ਪਹੁੰਚਿਆ ਜਾ ਸਕੇ ।ਕਈ ਜੇ. ਸੀ. ਬੀ. ਮਸ਼ੀਨਾਂ, ਕਈ ਦਰਜਨ ਟਰੈਕਟਰ ਮੌਕੇ ‘ਤੇ ਦਿਨ-ਰਾਤ ਕੰਮ ਕਰ ਰਹੇ ਹਨ।ਹਾਲਾਂਕਿ ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ।
ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ। ਫਤਿਹਵੀਰ ਦੇ ਨਿਕਲਦੇ ਹੀ ਉਸ ਦੇ ਇਲਾਜ ਲਈ ਸੰਗਰੂਰ, ਪਟਿਆਲਾ ਅਤੇ ਚੰਡੀਗੜ੍ਹ ‘ਚ ਇਲਾਜ ਦੇ ਪ੍ਰਬੰਧ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ। ਉਮੀਦਾਂ ਟੁੱਟ ਰਹੀਆਂ ਹਨ ਪਰ ਹਰ ਕਿਸੇ ਨੂੰ ਚਮਤਕਾਰ ਦਾ ਇੰਤਜ਼ਾਰ ਹੈ। ਮਾਂ ਉਸ ਦੀਆਂ ਕਿਲਕਾਰੀਆਂ ਸੁਣਨ ਨੂੰ ਬੇਹਾਲ ਹੈ। ਆਮ ਲੋਕਾਂ ਦੇ ਵੀ ਹੰਝੂ ਨਿਕਲ ਰਹੇ ਹਨ। ਪੂਰਾ ਦੇਸ਼ ਫਤਿਹ ਲਈ ਅਰਦਾਸ ਕਰ ਰਿਹਾ ਹੈ।

Leave a Reply

Your email address will not be published. Required fields are marked *

error: Content is protected !!