Latest

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਂ ਤੇ ਵਾਹ ਵਾਹੀ ਲੁੱਟਣ ਵਾਲੇ ਵਿਧਾਇਕ ਧਾਲੀਵਾਲ ਦੱਸਣ ਕਿ ਪ੍ਰਦੇਸ਼ ਸਰਕਾਰ ਦਾ ਇਸ ਵਿਚ ਕੀ ਯੋਗ ਦਾਨ ਹੈ-ਖੋਸਲਾ ਕਿਹਾ- ਇੱਕ ਵੀ ਸਕੀਮ ਪ੍ਰਦੇਸ਼ ਨੂੰ ਨਹੀਂ ਦੇ ਸਕੀ ਕਾਂਗਰਸ ਸਰਕਾਰ,ਖ਼ੁਦ ਦੀਵਾਲੀਆਂ ਹੋ ਚੁੱਕੀ ਹੈ

ਫਗਵਾੜਾ 12 ਦਸੰਬਰ
(ਸ਼ਰਨਜੀਤ ਸਿੰਘ ਸੋਨੀ )
ਫਗਵਾੜਾ ਦੇ ਕਾਂਗਰਸੀਆਂ ਨੂੰ ਅਕਸਰ ਕੇਂਦਰ ਸਰਕਾਰ ਦੀ ਗਰਾਂਟਾਂ ਉੱਤੇ ਵਾਹ ਵਾਹੀ ਲੁੱਟਣ  ਦੇ ਮਾਮਲੇ ਵਿਚ ਘੇਰਨ ਵਾਲੇ ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ  ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਨਿਸ਼ਾਨੇ ਤੇ ਲਿਆ। ਖੋਸਲਾ ਨੇ ਕਿਹਾ ਕਿ ਬੇਗਾਨੀ ਸ਼ਾਦੀ ਵਿਚ ਅਬਦੁੱਲਾ ਦੀਵਾਨਾ ਦੀ ਤਰਜ਼ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰਾਂਟਾਂ ਦੇ ਸਰਟੀਫਿਕੇਟ ਵੰਡ ਕੇ ਵਾਹ ਵਾਹੀ ਲੁੱਟ ਰਹੇ ਹਨ,ਪਰ ਉਹ ਦੱਸਣ ਕਿ ਇਸ ਵਿਚ ਪ੍ਰਦੇਸ਼ ਸਰਕਾਰ ਦਾ ਕੀ ਯੋਗ ਦਾਨ ਹੈ ? ਖੋਸਲਾ ਨੇ ਦੱਸਿਆ ਕਿ ਇਹ ਸਾਫ਼ ਸਪਸ਼ਟ ਹੈ ਕਿ ਇਹ ਨਿਰੋਲ ਰੂਪ ਵਿਚ ਕੇਂਦਰ ਸਰਕਾਰ ਦੀ ਯੋਜਨਾ ਹੈ, ਜਿਸ ਤਹਿਤ ਪੈਸੇ ਸਿੱਧੇ ਲਾਭਪਾਤਰੀ ਦੇ ਖਾਤੇ ਵਿਚ ਪਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਦੇ ਯਤਨਾਂ ਸਦਕਾ ਫਗਵਾੜਾ ਵਿਚ 307 ਕੇਸ ਪਾਸ ਹੋ ਚੁੱਕੇ ਹਨ ਅਤੇ ਕਰੀਬ 50 ਲੱਖ ਰੁਪਏ ਨਿਗਮ ਪਾਸ ਆ ਚੁੱਕੇ ਹਨ,ਜੋ ਸਿੱਧੇ ਲਾਭਪਾਤਰੀਆਂ ਦੇ ਖਾਤੇ ਵਿਚ ਪਾ ਦਿੱਤੇ ਜਾਣਗੇ। ਖੋਸਲਾ ਨੇ ਕਿਹਾ ਕਿ ਇਸ ਮਾਮਲੇ ਵਿਚ ਵਿਧਾਇਕ ਧਾਲੀਵਾਲ ਵੱਲੋਂ ਲੋਕਾਂ ਨੂੰ ਸਰਟੀਫਿਕੇਟ ਵੰਡ ਕੇ ਗੁਮਰਾਹ ਕਰਨ ਦਾ ਕੋਈ ਹੱਕ ਨਹੀਂ ਹੈ। ਜਿਨ੍ਹਾਂ ਨੇ ਇਸ ਲਈ ਆਵੇਦਨ ਕੀਤਾ ਹੈ  ਉਹ ਆਪਣੇ ਘਰਾਂ ਵਿਚ ਬੈਠਣ, ਪੈਸੇ ਉਨ੍ਹਾਂ ਦੇ ਖਾਤੇ ਵਿਚ ਆ ਜਾਣਗੇ।
                        ਖੋਸਲਾ ਨੇ ਕਿਹਾ ਕਿ ਆਖ਼ਿਰ ਧਾਲੀਵਾਲ ਇਹ ਦੱਸਣ ਤਾਂ ਸਹੀ ਕਿ ਵਿਧਾਇਕ ਬਣਨ ਤੋਂ ਪਹਿਲਾਂ ਵੱਡੀ ਵੱਡੀ ਡੀਂਗਾਂ ਮਾਰਨ ਵਾਲੇ ਫਗਵਾੜਾ ਲਈ ਕਿਹੜਾ ਵੱਡਾ ਪ੍ਰੋਜੈਕਟ ਜਾਂ ਸਕੀਮ ਲੈ ਕੇ ਆਏ ਹਨ। ਉਹ ਦੱਸਣ ਕਿ ਪੰਜਾਬ ਸਰਕਾਰ ਨੇ ਕਿਹੜੀ ਲੋਕ ਭਲਾਈ ਦੀ ਸਕੀਮ ਬਣਾਈ ਹੈ। ਕਿਸ ਵਿਧਵਾ ਜਾਂ ਬਜ਼ੁਰਗ ਦੀ ਪੈਨਸ਼ਨ 2500 ਰੁਪਏ ਕੀਤੀ ਹੈ। ਸਰਕਾਰ ਨੇ ਤਾਂ ਘੀ,ਚਾਹ ਪਤੀ ਦਾ ਲਾਰਾ ਲਾਕੇ ਕਣਕ ਦਾਲ ਵੀ ਬੰਦ ਕਰ ਦਿੱਤੀ ਹੈ। ਖੋਸਲਾ ਨੇ  ਕਿਹਾ ਕਿ ਜਿਸ ਆਯੁਸ਼ਮਾਨ ਯੋਜਨਾ ਦੇ ਤਹਿਤ ਕਾਰਡ ਵੰਡ ਵੰਡ ਨਿਗਮ ਚੋਣਾ ਲਈ ਵਿਧਾਇਕ ਸਾਹਿਬ ਕਾਂਗਰਸ ਲਈ ਸਿਆਸੀ ਜ਼ਮੀਨ ਤਿਆਰ ਕਰ ਰਹੇ ਹਨ,ਉਹ ਵੀ  ਤਾਂ ਕੇਂਦਰ ਸਰਕਾਰ ਦੀ ਯੋਜਨਾ ਹੈ ਜਿਸ ਨੂੰ ਪੰਜਾਬ ਸਰਕਾਰ ਨੇ ਬੜੀ ਮੁਸ਼ਕਲ ਨਾਲ ਇੱਕ ਸਾਲ ਦੇਰ ਨਾਲ ਸ਼ੁਰੂ ਕੀਤਾ ਸੀ। ਜਿਸ ਦੇ ਚੱਲਦੇ ਕਈ ਲੋਕ ਇਸ ਦਾ ਲਾਭ ਲੈਣ ਤੋ ਰਹਿ ਗਏ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ਦੇ ਵੱਡੀਆਂ ਵੱਡੀਆਂ ਗੱਲਾ ਕਰਨ ਵਾਲੇ ਵਿਧਾਇਕ ਦੀਵਾਲੀਆਂ ਹੋ ਚੁੱਕੀ ਸਰਕਾਰ ਪਾਸੋਂ ਮੁਲਾਜ਼ਮਾਂ ਦੀ ਤਨਖ਼ਾਹ ਹੀ ਲੈ ਆ ਦੇਣ ਜੋ ਕਈ ਮਹੀਨੇ ਤੋਂ ਪੈਂਡਿੰਗ ਪਈ ਹੈ। ਮੁਲਾਜ਼ਮ ਵਰਗ ਦੁਖੀ ਹੋ ਕੇ ਹੜਤਾਲ ਕਰਨ ਲਈ ਤਿਆਰ ਬੈਠਾ ਹੈ। ਕਿਹੜਾ ਵਿਭਾਗ ਹੈ ਜੋ ਸਰਕਾਰ ਦੇ ਦੀਵਾਲੀਆ ਪਨ ਦਾ ਸ਼ਿਕਾਰ ਨਹੀਂ ਹੋਇਆ। ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲਰ ਨਰੇਸ਼ ਕੋਟਰਾਨੀ,ਜਸਵਿੰਦਰ ਕੌਰ ਅਤੇ ਹੋਰ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!