Latest

ਪਿਆਰ ਦੇ ਚੱਕਰ ‘ਚ ਹੋਇਆ ਦੋ ਭੈਣਾਂ ਦਾ ਕਤਲ

ਚੰਡੀਗੜ੍ਹ: ਅਬੋਹਰ ਦੀਆਂ ਦੋ ਭੈਣਾਂ ਰਾਜਵੰਤ ਤੇ ਮਨਪ੍ਰੀਤ ਦੇ ਚੰਡੀਗੜ੍ਹ ਵਿੱਚ ਹੋਏ ਕਤਲ ਮਗਰੋਂ ਵੱਡਾ ਖੁਲਾਸਾ ਹੋਇਆ ਹੈ। ਉਨ੍ਹਾਂ ਦਾ ਕਤਲ ਪਿਆਰ ਦੇ ਚੱਕਰ ਵਿੱਚ ਹੀ ਹੋਇਆ ਹੈ। ਮੁਲਜ਼ਮ ਵੱਡੀ ਭੈਣ ਮਨਪ੍ਰੀਤ ਕੌਰ ਨੂੰ ਪਿਛਲੇ 10 ਸਾਲ ਤੋਂ ਪਿਆਰ ਕਰਦਾ ਸੀ। ਪੁਲਿਸ ਵੱਲੋਂ ਗ੍ਰਿਫਤਾਰ ਕੁਲਦੀਪ ਸਿੰਘ ਨੇ ਚੰਡੀਗੜ੍ਹ ਦੇ ਸੈਕਟਰ-22 ‘ਚ ਡਬਲ ਮਰਡਰ ਕੀਤਾ ਸੀ। ਉਸ ਨੇ ਆਪਣਾ ਜੁਰਮ ਕਬੂਲ ਲਿਆ ਹੈ। ਚੰਡੀਗੜ੍ਹ ਪੁਲਿਸ ਨੇ ਦਿੱਲੀ ਰੇਲਵੇ ਸਟੇਸ਼ਨ ਤੋਂ ਕੁਲਦੀਪ ਨੂੰ ਗ੍ਰਿਫਤਾਰ ਕੀਤਾ ਹੈ।

ਚੰਡੀਗੜ੍ਹ ਪੁਲਿਸ ਦੀ ਗ੍ਰਿਫਤ ਵਿੱਚ ਕੁਲਦੀਪ ਸਿੰਘ ਨੇ ਪੂਰੀ ਕਹਾਣੀ ਦੱਸੀ ਕਿ ਆਖਰਕਾਰ ਦੋਵੇਂ ਭੈਣਾਂ ਦਾ ਕਤਲ ਕਰਨ ਦੀ ਨੌਬਤ ਕਿਉਂ ਆਈ? ਚੰਡੀਗੜ੍ਹ ਦੀ ਐਸਐਸਪੀ ਨਿਲੰਬਰੀ ਜਗਦਲੇ ਨੇ ਕਿਹਾ ਕਿ ਕੁਲਦੀਪ ਦਾ ਰਿਸ਼ਤਾ ਵੱਡੀ ਭੈਣ ਮਨਪ੍ਰੀਤ ਨਾਲ ਹੋ ਰਿਹਾ ਸੀ। ਇਸ ਦੌਰਾਨ ਮਨਪ੍ਰੀਤ ਨੇ ਕੁਲਦੀਪ ਨਾਲੋਂ ਨਾਤਾ ਤੋੜ ਲਿਆ। ਇਹ ਕੁਲਦੀਪ ਤੋਂ ਬਰਦਾਸ਼ਤ ਨਹੀਂ ਹੋਇਆ। ਉਹ ਮਨਪ੍ਰੀਤ ਨੂੰ ਵਾਰ ਵਾਰ ਗੱਲ ਕਰਨ ਲਈ ਜ਼ੋਰ ਪਾਉਂਦਾ ਰਿਹਾ।

ਵਾਰਦਾਤ ਦੀ ਰਾਤ ਕੁਲਦੀਪ ਦੋਵੇਂ ਭੈਣਾਂ ਦੇ ਕਮਰੇ ਵਿੱਚ ਛੱਤ ਰਾਹੀਂ ਦਾਖਲ ਹੋਇਆ। ਕੁਲਦੀਪ ਘਰ ਦਾ ਚੰਗੀ ਤਰ੍ਹਾਂ ਭੇਤੀ ਸੀ, ਇਸ ਕਰਕੇ ਉਸ ਨੂੰ ਹਰ ਰਸਤੇ ਦੀ ਜਾਣਕਾਰੀ ਸੀ। ਘਰ ਵਿੱਚ ਦਾਖਲ ਹੋ ਕੇ ਕੁਲਦੀਪ ਨੇ ਮਨਪ੍ਰੀਤ ਦਾ ਫੋਨ ਖੰਗਾਲਿਆ। ਕੁਲਦੀਪ ਨੂੰ ਸ਼ੱਕ ਸੀ ਕਿ ਸ਼ਾਇਦ ਮਨਪ੍ਰੀਤ ਨੇ ਕਿਸੇ ਹੋਰ ਨਾਲ ਨਾਤਾ ਜੋੜ ਲਿਆ ਹੈ।

ਸੁੱਤੀਆਂ ਪਈਆਂ ਦੋਵੇਂ ਭੈਣਾਂ ਦੇ ਕਮਰੇ ਵਿੱਚ ਵੜ ਕੇ ਕੁਲਦੀਪ ਨੇ ਜਦੋਂ ਫੋਨ ਚੱਕਿਆ ਤਾਂ ਮਨਪ੍ਰੀਤ ਦੀ ਜਾਗ ਖੁੱਲ੍ਹ ਗਈ। ਮਨਪ੍ਰੀਤ ਦੀ ਜਾਗ ਖੁੱਲ੍ਹਣ ‘ਤੇ ਛੋਟੀ ਭੈਣ ਰਾਜਵੰਤ ਕੌਰ ਵੀ ਉੱਠ ਗਈ। ਇਸ ਤੋਂ ਬਾਅਦ ਹੱਥੋਪਾਈ ਹੋ ਗਈ। ਰਸੋਈ ਵਿੱਚ ਪਈ ਕੈਂਚੀ ਨਾਲ ਕੁਲਦੀਪ ਨੇ ਦੋਵੇਂ ਭੈਣਾਂ ਦਾ ਕਤਲ ਕਰ ਦਿੱਤਾ। ਚੰਡੀਗੜ੍ਹ ਪੁਲਿਸ ਨੇ ਕੁਲਦੀਪ ਦੇ ਖੂਨ ਨਾਲ ਲਿੱਬੜੇ ਕੱਪੜੇ ਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਪਰ ਹਥਿਆਰ ਦੀ ਬਰਾਮਦਗੀ ਅਜੇ ਬਾਕੀ ਹੈ। ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਕੁਲਦੀਪ ਦਾ ਚੰਡੀਗੜ੍ਹ ਅਦਾਲਤ ਵਿੱਚ ਰਿਮਾਂਡ ਮੰਗਿਆ ਜਾਵੇਗਾ।

Leave a Reply

Your email address will not be published. Required fields are marked *

error: Content is protected !!