Latest news

ਨਿਰਪੱਖ ਤੇ ਨਿਰਵਿਘਨ ਢੰਗ ਨਾਲ ਕਰਵਾਈਆਂ ਜਾਣਗੀਆਂ ਚੋਣਾਂ-ਮੁਹੰਮਦ ਤਇਅਬ *56 ਅਤਿ-ਸੰਵੇਦਨਸ਼ੀਲ ਅਤੇ 141 ਸੰਵੇਦਨਸ਼ੀਲ ਬੂਥਾਂ ਦੀ ਪਹਿਚਾਣ *ਪੋਲਿੰਗ ਬੂਥਾਂ ‘ਤੇ ਹੋਣਗੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ *ਵੋਟਰਾਂ ਨੂੰ ਬਗੈਰ ਕਿਸੇ ਡਰ-ਭੈਅ ਤੋਂ ਵੋਟਾਂ ਪਾਉਣ ਦੀ ਅਪੀਲ

ਫਗਵਾੜਾ ( ਰਮੇਸ਼ ਸਰੋਆ )
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ 19 ਸਤੰਬਰ ਨੂੰ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਨੂੰ ਨਿਰਪੱਖ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਵੋਟਰਾਂ ਨੂੰ ਬਗੈਰ ਕਿਸੇ ਡਰ-ਭੈਅ ਦੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ ਹੈ। ਚੋਣਾਂ ਲਈ ਕੀਤੇ ਗਏ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦੇਣ ਲਈ ਅੱਜ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਸ੍ਰੀ ਮੁਹੰਮਦ ਤਇਅਬ ਨੇ ਦੱਸਿਆ ਕਿ ਇਨਾਂ ਚੋਣਾਂ ਲਈ ਬਣਾਏ ਗਏ ਕੁੱਲ 661 ਬੂਥਾਂ ਵਿਚੋਂ 56 ਅਤਿ-ਸੰਵੇਦਨਸ਼ੀਲ ਅਤੇ 141 ਸੰਵੇਦਨਸ਼ੀਲ ਬੂਥਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨਾਂ ‘ਤੇ ਨਿਰਵਿਘਨ ਅਤੇ ਸ਼ਾਂਤੀਪੂਰਵਕ ਚੋਣਾਂ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨਾਂ ਦੱਸਿਆ ਕਿ ਬਲਾਕ ਢਿਲਵਾਂ ਵਿਚ 9 ਅਤਿ-ਸੰਵੇਦਨਸ਼ੀਲ ਬੂਥਾਂ ਦੀ ਪਹਿਚਾਣ ਕੀਤੀ ਗਈ ਹੈ। ਇਸੇ ਤਰਾਂ ਕਪੂਰਥਲਾ ਵਿਚ 19, ਨਡਾਲਾ ਵਿਚ 9, ਫਗਵਾੜਾ ਵਿਚ 7 ਅਤੇ ਸੁਲਤਾਨਪੁਰ ਲੋਧੀ ਵਿਚ 12 ਬੂਥ ਅਤਿ-ਸੰਵੇਦਨਸ਼ੀਲ ਪਾਏ ਗਏ ਹਨ। 
ਉਨਾਂ ਦੱਸਿਆ ਕਿ ਸੰਵੇਦਨਸ਼ੀਲ ਪਾਏ ਗਏ 141 ਬੂਥਾਂ ਵਿਚੋਂ ਢਿਲਵਾਂ ਵਿਖੇ 25, ਕਪੂਰਥਲਾ ਵਿਖੇ 31, ਨਡਾਲਾ ਵਿਖੇ 18, ਫਗਵਾੜਾ ਵਿਖੇ 36 ਅਤੇ ਸੁਲਤਾਨਪੁਰ ਲੋਧੀ ਵਿਖੇ 31 ਬੂਥਾਂ ਦੀ ਪਹਿਚਾਣ ਕੀਤੀ ਗਈ ਹੈ। ਉਨਾਂ ਕਿਹਾ ਕਿ ਇਨਾਂ ਅਤਿ-ਸੰਵੇਦਨਸ਼ੀਲ ਤੇ ਸੰਵੇਦਨਸ਼ੀਲ ਬੂਥਾਂ ‘ਤੇ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਸਖ਼ਤ ਨਿਗਰਾਨੀ ਅਤੇ ਸੁਰੱਖਿਆ ਦੀ ਵਿਵਸਥਾ ਕੀਤੀ ਗਈ। ਉਨਾਂ ਕਿਹਾ ਕਿ ਲੋਕਾਂ ਵਿਚ ਵਿਸ਼ਵਾਸ ਬਹਾਲੀ ਲਈ 18 ਤੇ 19 ਸਤੰਬਰ ਨੂੰ ਮੋਬਾਈਲ ਪਾਰਟੀਆਂ ਅਤੇ ਪੁਲਿਸ ਵੱਲੋਂ ਲਗਾਤਾਰ ਗਸ਼ਤ ਕੀਤੀ ਜਾਵੇਗੀ। ਇਸ ਦੌਰਾਨ ਉਨਾਂ ਅਧਿਕਾਰੀਆਂ ਨੂੰ ਨਿਰਪੱਖ, ਸ਼ਾਂਤਮਈ ਤੇ ਪਾਰਦਰਸ਼ੀ ਚੋਣਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਜ਼ਿਲੇ ਦੇ ਵੋਟਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਨਿਡਰ ਹੋ ਕੇ ਵਰਤੋਂ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਹੇਠਲੇ ਪੱਧਰ ਤੱਕ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਪੀ ਸ੍ਰੀ ਸਤਨਾਮ ਸਿੰਘ ਅਤੇ ਡੀ. ਐਸ. ਪੀ ਸ੍ਰੀ ਮੁਕੇਸ਼ ਕੁਮਾਰ ਹਾਜ਼ਰ ਸਨ। 

Leave a Reply

Your email address will not be published. Required fields are marked *

error: Content is protected !!