Latest news

ਨਰਕ ਭਰੀ ਜਿੰਦਗੀ ਜੀਉਣ ਲਈ ਮਜਬੂਰ ਸ਼ਹੀਦ ਉਧਮ ਸਿੰਘ ਨਗਰ ਦੇ ਵਸਨੀਕ * ਨਗਰ ਨਿਗਮ ਅਤੇ ਸਿਆਸੀ ਦਰਬਾਰ ਵਿਚ ਨਹੀਂ ਹੋ ਰਹੀ ਸੁਣਵਾਈ

ਫਗਵਾੜਾ 18 ਜੁਲਾਈ
( ਸ਼ਰਨਜੀਤ ਸਿੰਘ ਸੋਨੀ  )
ਸ਼ਹੀਦ ਉਧਮ ਸਿੰਘ ਨਗਰ ਫਗਵਾੜਾ ਦੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਇਲਾਕੇ ਦਾ ਵਿਕਾਸ ਨਾ ਹੋਣ ਕਰਕੇ ਨਰਕ ਭਰੀ ਜਿੰਦਗੀ ਜੀਉਣ ਲਈ ਮਜਬੂਰ ਹਨ। ਇਲਾਕਾ ਨਿਵਾਸੀਆਂ ਐਚ.ਸੀ. ਭਨੋਟ, ਅਮਰਜੀਤ ਸਿੰਘ ਸੈਣੀ, ਪੀ.ਆਰ. ਮੱਲ, ਗੁਰਮੁਖ ਸਿੰਘ, ਆਨੰਦ ਕੁਮਾਰ, ਜਸਜੀਤ ਸਿੰਘ, ਮਨਜੀਤ ਸਿੰਘ, ਸਤਨਾਮ ਜੱਖੂ, ਰਮੇਸ਼ ਲਾਲ, ਹਰਭਜਨ ਸਿੰਘ, ਜਸਵੰਤ ਅਤੇ ਰਾਮ ਆਸਰਾ ਸਿੱਧੂ ਆਦਿ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਹਨਾਂ ਦੇ ਮੁਹੱਲੇ ਵਿਚ ਗਲੀਆਂ, ਨਾਲੀਆਂ ਅਤੇ ਸੀਵਰੇਜ ਦਾ ਕੰਮ ਨਾ ਹੋਣ ਕਰਕੇ ਭਾਰੀ ਪਰੇਸ਼ਾਨੀ ਹੋ ਰਹੀ ਹੈ। ਅੱਜ ਕਲ ਬਰਸਾਤ ਦਾ ਮੌਸਮ ਹੈ ਅਤੇ ਕੱਚੀਆਂ ਗਲੀਆਂ ਵਿਚ ਬਰਸਾਤੀ ਪਾਣੀ ਅਤੇ ਮਿੱਟੀ ਦਲਦਲ ਦਾ ਰੂਪ ਧਾਰ ਲੈਂਦੇ ਹਨ ਅਤੇ ਲੋਕਾਂ ਨੂੰ ਘਰਾਂ ਵਿਚ ਕੈਦ ਹੋ ਕੇ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਤੋਂ ਨਗਰ ਨਿਗਮ ਵਿਚ ਤਿੰਨ ਕੌਂਸਲਰ ਹਨ ਪਰ ਜਿਸ ਨਾਲ ਵੀ ਰਾਬਤਾ ਕਰਦੇ ਹਨ ਉਹਨਾਂ ਦਾ ਇੱਕੋ ਜਵਾਬ ਹੁੰਦਾ ਹੈ ਕਿ ਸਰਕਾਰ ਉਹਨਾਂ ਦੀ ਨਹੀਂ ਹੈ ਅਤੇ ਵਿਕਾਸ ਲਈ ਗ੍ਰਾਂਟ ਨਹੀਂ ਮਿਲ ਰਹੀ। ਸਿਆਸੀ ਆਗੂ ਹਰ ਚੋਣ ਸਮੇਂ ਆਉਂਦੇ ਹਨ ਅਤੇ ਭਰੋਸਾ ਦੇ ਕੇ ਜਾਂਦੇ ਹਨ ਕਿ ਚੋਣਾਂ ਤੋਂ ਬਾਅਦ ਪਹਿਲ ਦੇ ਅਧਾਰ ਤੇ ਇਲਾਕੇ ਦੀਆਂ ਸਮੱਸਿਆਵਾਂ ਦਾ ਹਲ ਕਰਵਾਇਆ ਜਾਵੇਗਾ ਲੇਕਿਨ ਚੋਣਾਂ ਖਤਮ ਹੋਣ ਤੋਂ ਬਾਅਦ ਕੋਈ ਵੀ ਸਿਆਸੀ ਆਗੂ ਨਾ ਤਾਂ ਇਲਾਕੇ ਦਾ ਰੁੱਖ ਕਰਦਾ ਹੈ ਤੇ ਨਾ ਹੀ ਗੱਲ ਸੁਣਨ ਨੂੰ ਤਿਆਰ ਹੁੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਅਤੇ ਸਿਆਸੀ ਆਗੂਆਂ ਨਾਲ ਵੀ ਮੁਲਾਕਾਤ ਕਰਕੇ ਆਪਣੀ ਸਮੱਸਿਆ ਬਾਰੇ ਜਾਣੂ ਕਰਵਾ ਚੁੱਕੇ ਹਨ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ। ਮੁਹੱਲਾ ਨਿਵਾਸੀਆਂ ਨੇ ਚਿਤਾਵਨੀ ਭਰਿਆ ਵਿਅੰਗ ਵੀ ਕੀਤਾ ਕਿ ਹੁਣ ਤਾਂ ਉਹ ਝੂਠੇ ਵਾਅਦੇ ਕਰਨ ਵਾਲੇ ਸਿਆਸੀ ਆਗੂਆਂ ਨੂੰ ਇਹੋ ਕਹਿਣਗੇ ਕਿ ‘ਆਜਾ ਵੇ ਮਾਹੀ ਤੈਨੂੰ ਅੱਖੀਆਂ ਉਡੀਕਦੀਆਂ ਪਰ ਜੇਕਰ ਨੇੜਲੇ ਸਮੇਂ ਵਿਚ ਹੋਣ ਵਾਲੀ ਫਗਵਾੜਾ ਵਿਧਾਨਸਭਾ ਦੀ ਜਿਮਨੀ ਚੋਣ ਤੋਂ ਪਹਿਲਾਂ ਮੁਹੱਲੇ ਦਾ ਲੋੜੀਂਦਾ ਵਿਕਾਸ ਨਾ ਕਰਵਾਇਆ ਗਿਆ ਤਾਂ ਫਿਰ ਇਹੋ ਕਹਿਣਾ ਪਵੇਗਾ ਕਿ ‘ਵੋਟ ਮੰਗਣ ਨਾ ਆਈਂ ਵੇ ਇੱਥੋਂ ਕੁੱਝ ਨੀ ਮਿਲਣਾ।’

Leave a Reply

Your email address will not be published. Required fields are marked *

error: Content is protected !!