Latest

ਡੀ. ਸੀ ਅਤੇ ਐਸ. ਐਸ. ਪੀ ਵੱਲੋਂ ਫਗਵਾੜਾ ਵਿਖੇ ਪੀਸ ਕਮੇਟੀ ਨਾਲ ਮੀਟਿੰਗ *ਅਮਨ ਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਵਿਚ ਮੋਹਰੀ ਭੂਮਿਕਾ ਨਿਭਾਉਣ ਦਾ ਦਿੱਤਾ ਸੱਦਾ

ਫਗਵਾੜਾ, 7 ਅਗਸਤ
(ਸ਼ਰਨਜੀਤ ਸਿੰਘ ਸੋਨੀ )
ਕਸ਼ਮੀਰ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਇੰਜ: ਡੀ. ਪੀ ਐਸ ਖਰਬੰਦਾ ਅਤੇ ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਵੱਲੋਂ ਅੱਜ ਨਗਰ ਨਿਗਮ ਫਗਵਾੜਾ ਦੇ ਮੀਟਿੰਗ ਹਾਲ ਵਿਖੇ ਪੀਸ ਕਮੇਟੀ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਸ. ਜੋਗਿੰਦਰ ਸਿੰਘ ਮਾਨ, ਜ਼ਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਬਲਬੀਰ ਰਾਣੀ ਸੋਢੀ, ਮੇਅਰ ਸ੍ਰੀ ਅਰੁਣ ਖੋਸਲਾ ਅਤੇ ਸ. ਸਰਵਣ ਸਿੰਘ ਕੁਲਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਦੋਵਾਂ ਅਧਿਕਾਰੀਆਂ ਨੇ ਪੀਸ ਕਮੇਟੀ ਨੂੰ ਸੱਦਾ ਦਿੱਤਾ ਕਿ ਉਹ ਫਗਵਾੜਾ ਵਾਸੀਆਂ ਵਿਚ ਅਮਨ, ਆਪਸੀ ਪਿਆਰ ਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਵਿਚ ਮੋਹਰੀ ਭੂਮਿਕਾ ਅਦਾ ਕਰੇ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਭੜਕਾਹਟ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਤੋਂ ਲੋਕਾਂ ਨੂੰ ਸੁਚੇਤ ਕਰੇ। ਉਨਾਂ ਕਿਹਾ ਕਿ ਅਸੀਂ ਸਾਰੇ ਇਕ ਦੇਸ਼ ਦੇ ਵਾਸੀ ਹਾਂ ਅਤੇ ਅਜਿਹੇ ਵੇਲੇ ਕਿਸੇ ਵੀ ਪ੍ਰਕਾਰ ਦੇ ਵਖਰੇਵੇਂ ਸਾਹਮਣੇ ਨਹੀਂ ਆਉਣੇ ਚਾਹੀਦੇ। ਉਨਾਂ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਵਾਂਗ ਪਿਆਰ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ। ਉਨਾਂ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲਾ ਵਾਸੀਆਂ ਦੀ ਸੁਰੱਖਿਆ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ। ਉਨਾਂ ਕਿਹਾ ਕਿ ਆਮ ਤੌਰ ‘ਤੇ ਸੋਸ਼ਲ ਮੀਡੀਆ ਰਾਹੀਂ ਕਈ ਤਰਾਂ ਦੇ ਗ਼ਲਤ ਮੈਸੇਜ ਪਾ ਕੇ ਸ਼ਾਂਤੀ ਅਤੇ ਅਮਨ-ਕਾਨੂੰਨ ਵਿਵਸਥਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨਾਂ ਸਮੂਹ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ ਦਾਇਰੇ ਵਿਚ ਆਉਂਦੇ ਲੋਕਾਂ ਨਾਲ ਮੀਟਿੰਗਾਂ ਕਰਕੇ ਇਸ ਸਬੰਧੀ ਉਨਾਂ ਨੂੰ ਜਾਗਰੂਕ ਕਰਨ। ਉਨਾਂ ਦੱਸਿਆ ਕਿ ਫਗਵਾੜਾ ਵਿਚ ਪੈਂਦੇ ਵਿੱਦਿਅਕ ਅਦਾਰਿਆਂ ਵਿਚ ਵੱਡੀ ਗਿਣਤੀ ਵਿਚ ਕਸ਼ਮੀਰੀ ਵਿਦਿਆਰਥੀ ਪੜਾਈ ਕਰ ਰਹੇ ਹਨ, ਜਿਨਾਂ ਨਾਲ ਪ੍ਰਸ਼ਾਸਨ ਵੱਲੋਂ ਪੂਰੀ ਤਰਾਂ ਨਾਲ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਉਨਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਾਜ਼ਰ ਵਿੱਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਉਨਾਂ ਹਦਾਇਤ ਕੀਤੀ ਕਿ ਉਹ ਆਪਣੇ ਅਦਾਰਿਆਂ ਵਿਚ ਪੜ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਉਣ ਕਿ ਉਹ ਇਥੇ ਪੂਰੀ ਤਰਾਂ ਨਾਲ ਸੁਰੱਖਿਅਤ ਹਨ।

ਇਸ ਮੌਕੇ ਜਾਮਾ ਮਸਜਿਦ ਫਗਵਾੜਾ ਦੇ ਇਮਾਮ ਓਵੈਸ-ਉਰ-ਰਹਿਮਾਨ ਨੇ ਕਿਹਾ ਕਿ ਜ਼ਿਲੇ ਦਾ ਸਮੁੱਚਾ ਮੁਸਲਿਮ ਭਾਈਚਾਰਾ ਪ੍ਰਸ਼ਾਸਨ ਦੇ ਨਾਲ ਖੜਾ ਹੈ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ। ਇਸ ਦੌਰਾਨ ਸਾਰੇ ਕਮੇਟੀ ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਅਮਨ-ਕਾਨੂੰਨ ਦੀ ਸਥਿਤੀ, ਪਿਆਰ ਅਤੇ ਆਪਸੀ ਭਾਈਚਾਰਾ ਬਣਾਏ ਰੱਖਣ ਲਈ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਗੇ ਅਤੇ ਭੜਕਾਹਟ ਪੈਦਾ ਕਰਨ ਵਾਲੀ ਕਿਸੇ ਵੀ ਕੋਸ਼ਿਸ਼ ਤੋਂ ਸਭਨਾਂ ਨੂੰ ਸੁਚੇਤ ਕਰਨਗੇ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਫਗਵਾੜਾ ਸ. ਬਖ਼ਤਾਵਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਐਸ. ਪੀ. ਫਗਵਾੜਾ ਸ. ਮਨਦੀਪ ਸਿੰਘ, ਐਸ. ਡੀ. ਐਮ ਫਗਵਾੜਾ ਡਾ. ਜੈ ਇੰਦਰ ਸਿੰਘ, ਡੀ. ਐਸ. ਪੀ ਸ੍ਰੀ ਮਨਜੀਤ ਸਿੰਘ, ਤਹਿਸੀਲਦਾਰ ਸ. ਹਰਕਰਮ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਅਤੇ ਪੀਸ ਕਮੇਟੀ ਦੇ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!