Latest news

ਚੋਣ ਬੂਥਾਂ ਦੀ ਨਾਜ਼ੁਕਤਾ ਸਬੰਧੀ ਵੇਰਵੇ ਜਮਾਂ ਕਰਵਾਏ ਜਾਣ-ਡੀ. ਪੀ. ਐਸ ਖਰਬੰਦਾ *ਜ਼ਿਲਾ ਚੋਣ ਅਫ਼ਸਰ ਵੱਲੋਂ ਪੁਲਿਸ ਅਤੇ ਸਿਵਲ ਅਧਿਕਾਰੀਆਂ ਨਾਲ ਮੀਟਿੰਗ

ਕਪੂਰਥਲਾ, 7 ਮਾਰਚ :
(ਸ਼ਰਨਜੀਤ ਸਿੰਘ ਸੋਨੀ)
  ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਵਲਨਰੇਬਿਲਿਟੀ ਮੈਪਿੰਗ’ ਨੂੰ ਲੈ ਅੱਜ ਪੁਲਿਸ ਤੇ ਸਿਵਲ ਅਧਿਕਾਰੀਆਂ ਅਤੇ ਜ਼ਿਲੇ ਵਿੱਚ ਲਗਾਏ ਸੈਕਟਰ ਅਫ਼ਸਰਾਂ ਦੀ ਵਿਸ਼ੇਸ਼ ਮੀਟਿੰਗ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਡੀ. ਪੀ. ਐਸ. ਖਰਬੰਦਾ ਦੀ ਪ੍ਰਧਾਨਗੀ ਹੇਠ ਸਥਾਨਕ ਯੋਜਨਾ ਭਵਨ ਵਿਖੇ ਹੋਈ। ਸੀਨੀਅਰ ਪੁਲਿਸ ਕਪਤਾਨ ਸ੍ਰੀ ਸਤਿੰਦਰ ਸਿੰਘ ਦੀ ਮੌਜੂਦਗੀ ਵਿਚ ਹੋਈ ਇਸ ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਚੋਣ ਬੂਥਾਂ ਦੀ ਨਾਜ਼ੁਕਤਾ, ਅਤਿ-ਸੰਵੇਦਨਸ਼ੀਲਤਾ ਅਤੇ ਮਤਦਾਤਾਵਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਸਬੰਧੀ ਤੈਅ ਪ੍ਰੋਫਾਰਮੇ ਵਿਚ ਵਿਸਤ੍ਰਿਤ ਰਿਪੋਰਟ ਦੇਣ ਲਈ ਆਖਿਆ ਗਿਆ। ਇੰਜ. ਖਰਬੰਦਾ ਨੇ ਇਸ ਮੌਕੇ ਅਧਿਕਾਰੀਆਂ ਨੂੰ ਆਪੋ-ਆਪਣੇ ਅਧੀਨ ਪੈਂਦੇ ਅਜਿਹੇ ਚੋਣ ਬੂਥ ਜਿਥੇ ਦੀ ਵਸੋਂ ਦੇ ਪੈਸਾ/ਨਸ਼ਾ/ਡਰਾਉਣ ਆਦਿ ਕਾਰਕਾਂ ਨਾਲ ਪ੍ਰਭਾਵਿਤ ਹੋਣ ਦਾ ਖਦਸ਼ਾ ਜਾਪਦਾ ਹੋਵੇ, ਉਸ ਬੂਥ ਦੀ ਰਿਪੋਰਟ ਸਮੂਹ ਕਾਰਨਾਂ ਸਮੇਤ ਤਿਆਰ ਕਰਕੇ ਦੇਣ ਦੇ ਆਦੇਸ਼ ਦਿੱਤੇ। ਇਸੇ ਤਰਾਂ ‘ਵਲਨਰੇਬਿਲਿਟੀ ਬੂਥਾਂ’ ਤੋਂ ਵੀ ਅੱਗੇ ਅਜਿਹੇ ਬੂਥ ਜਿਥੇ ਚੋਣ ਹਿੰਸਾ ਹੋਈ ਹੋਵੇ ਜਾਂ ਇਕੋ ਉਮੀਦਵਾਰ ਨੂੰ ਬਹੁਤ ਜ਼ਿਆਦਾ ਵੋਟ ਪਈ ਹੋਵੇ, ਨੂੰ ਅਤਿ ਸੰਵੇਦਨਸ਼ੀਲ (ਕ੍ਰਿਟੀਕਲ) ਸ਼੍ਰੇਣੀ ਵਿੱਚ ਸ਼ਾਮਿਲ ਕਰਕੇ ਰਿਪੋਰਟ ਤਿਆਰ ਕਰਨ ਲਈ ਆਖਿਆ ਗਿਆ।
ਜ਼ਿਲਾ ਚੋਣ ਅਫ਼ਸਰ ਨੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਚੋਣ ਹਲਕਿਆਂ ਵਿਚ ਸਬੰਧਤ ਡੀ. ਐਸ. ਪੀ ਅਤੇ ਸੈਕਟਰ ਅਫ਼ਸਰ ਨਾਲ ਤਾਲਮੇਲ ਕਰਕੇ ਪੋਲਿੰਗ ਸਟੇਸ਼ਨਾਂ ਦੀ ਵਲਨਰੇਬਲ ਮੈਪਿੰਗ ਕਰਕੇ ਰਿਪੋਰਟ ਨਿਰਧਾਰਤ ਪ੍ਰੋਫਾਰਮੇ ਵਿਚ ਭੇਜਣੀ ਯਕੀਨੀ ਬਣਾਉਣ। ਉਨਾਂ ਕਿਹਾ ਕਿ ਸਮੂਹ ਸੈਕਟਰ ਅਫ਼ਸਰਾਂ ਨਾਲ ਉਨਾਂ ਦੇ ਖੇਤਰਾਂ ਮੁਤਾਬਿਕ ਪੁਲਿਸ ਅਧਿਕਾਰੀ ਵੀ ਤਾਲਮੇਲ ਕਰਨ ਲਈ ਲਾਏ ਜਾਣਗੇ ਤਾਂ ਜੋ ਅਜਿਹੇ ਚੋਣ ਬੂਥਾਂ ਵਿੱਚ ਹੁਣ ਤੋਂ ਹੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਮਤਦਾਤਾਵਾਂ ਵਿੱਚ ਨਿਰਭੈਅਤਾ ਦਾ ਮਾਹੌਲ ਕਾਇਮ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨਾਂ ਅਧਿਕਾਰੀਆਂ ਨੂੰ ਚੋਣਾਂ ਸਬੰਧੀ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਸਮੂਹ ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸ੍ਰੀ ਸਕੱਤਰ ਸਿੰਘ ਬੱਲ, ਸ. ਜੈ ਇੰਦਰ ਸਿੰਘ ਤੇ ਸ੍ਰੀਮਤੀ ਨਵਨੀਤ ਕੌਰ ਬੱਲ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਚੋਣ ਤਹਿਸੀਲਦਾਰ ਸ੍ਰੀਮਤੀ ਮਨਜੀਤ ਕੌਰ ਅਤੇ ਸਮੂਹ ਪੁਲਿਸ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!