Latest news

ਕੱਲ੍ਹ ਤੋਂ ਪੰਜਾਬ ‘ਚ 17 ਰੇਲ ਗੱਡੀਆਂ ਮੁੜ ਫੜ੍ਹਨਗੀਆਂ ਰਫ਼ਤਾਰ

ਚੰਡੀਗੜ੍ਹ: ਪੰਜਾਬ ’ਚ ਅੱਜ ਤੋਂ ਰੇਲ ਸੇਵਾ ਬਹਾਲ ਹੋ ਗਈ ਹੈ। ਅੱਜ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਜਲੰਧਰ ਤੋਂ ਪਹਿਲੀ ਮਾਲ ਗੱਡੀ ਰਵਾਨਾ ਹੋ ਚੁੱਕੀ ਹੈ। ਸ਼ਾਮੀਂ ਪੰਜ ਵਜੇ ਲਗਪਗ 150 ਕੰਟੇਨਰਾਂ ਨੂੰ ਰਵਾਨਾ ਕੀਤਾ ਜਾਵੇਗਾ। ਯਾਤਰੀ ਰੇਲਾਂ ਮੰਗਲਵਾਰ ਤੋਂ ਚੱਲਣਗੀਆਂ। ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ’ਚ ਰੇਲ ਗੱਡੀਆਂ ਚਲਾਉਣ ਨੂੰ ਲੈ ਕੇ ਦਿੱਤੀ ਗਈ ਸਹਿਮਤੀ ਤੋਂ ਬਾਅਦ ਵਿੱਚ ਪੰਜਾਬ ’ਚ ਰੇਲ ਗੱਡੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਰੇਲਵੇ ਨੇ ਇਸ ਬਾਰੇ ਨੋਟੀਫ਼ਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ।

ਅੱਜ ਦੁਪਹਿਰੇ ਲਗਪਗ 2:05 ਵਜੇ ਪਹਿਲੀ ਮਾਲ ਗੱਡੀ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਬਿਜਲਈ ਇੰਜਣ ਵਾਲੀ ਪੈਟਰੋਲ ਟੈਂਕਰ ਰੇਲ ਨੂੰ ਪਾਨੀਪਤ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਜਲੰਧਰ ਹੁਸ਼ਿਆਰਪੁਰ ਵਿਚਾਲੇ ਇੰਜਣ ਦੌੜਾ ਕੇ ਪਟੜੀ ਦੀ ਚੈਕਿੰਗ ਕੀਤੀ ਗਈ ਸੀ। ਮੰਗਲਵਾਰ ਸ਼ਾਮ ਤੱਕ ਯਾਤਰੀ ਰੇਲਾਂ ਦੇ ਪੰਜਾਬ ’ਚ ਦਾਖ਼ਲ ਹੋਣ ਦੀ ਸੰਭਾਵਨਾ ਹੈ।

ਮਾਲ ਗੱਡੀਆਂ ਚੱਲਣ ਨਾਲ ਲੁਧਿਆਣਾ ਸਮੇਤ ਸੂਬੇ ਦੇ ਹੋਰ ਸ਼ਹਿਰਾਂ ਦੇ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ। ਪਿਛਲੇ 50 ਦਿਨਾਂ ਤੋਂ ਕਿਸਾਨ ਅੰਦੋਲਨ ਕਾਰਦ ਬੰਦ ਪਏ ਬਰਾਮਦ-ਦਰਾਮਦ ਦਾ ਪਹੀਆ ਅੱਜ ਤੋਂ ਮੁੜ ਪਟੜੀ ਉੱਤੇ ਪਰਤਣਾ ਸ਼ੁਰੂ ਹੋਵੇਗਾ। ਇਸ ਸਬੰਧੀ ਰੇਲ ਵਿਭਾਗ ਵੱਲੋਂ ਲੁਧਿਆਣਾ ਇਨਲੈਂਡ ਕੰਟੇਨਰ ਡਿਪੂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਅੱਜ ਸ਼ਾਮੀਂ ਪੰਜ ਵਜੇ ਤੱਕ ਲੁਧਿਆਣਾ ਦੇ ਸਾਹਨੇਵਾਲ ਸਥਿਤ ਆਈਸੀਡੀ ਸੈਂਟਰ ਉੱਤੇ ਦੋ ਮਾਲ ਗੱਡੀਆਂ ਰੇਲ ਪ੍ਰਸ਼ਾਸਨ ਮੁਹੱਈਆ ਕਰਵਾਏਗਾ।

ਅੱਜ 20 ਤੇ 40 ਫ਼ੁੱਟ ਦੇ 150 ਕੰਟੇਨਰ ਭੇਜਣ ਦੀ ਤਿਆਰੀ ਹੈ। ਅਮਰੀਕਾ ਤੇ ਇੰਗਲੈਂਡ ਜਾਣ ਵਾਲੇ ਕੰਟੇਨਰ ਪਹਿਲਾਂ ਭੇਜੇ ਜਾ ਰਹੇ ਹਨ। ਦਰਅਸਲ, ਇਨ੍ਹਾਂ ਦੇਸ਼ਾਂ ਵਿੱਚ ਕ੍ਰਿਸਮਸ ਕਾਰਣ ਮੰਗ ਬਹੁਤ ਜ਼ਿਆਦਾ ਹੈ। ਅੱਜ ਸ਼ਾਮ ਤੱਕ ਕਿਸਾਨ ਸਾਰੀਆਂ ਰੇਲ ਪਟੜੀਆਂ ਤੋਂ ਲਾਂਭੇ ਹੋ ਜਾਣਗੇ।

Leave a Reply

Your email address will not be published. Required fields are marked *

error: Content is protected !!